ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਔਰਤਾਂ ਨੂੰ ਸਸ਼ਕਤੀਕਰਨ ਬਨਾਉਣ ਲਈ ਕੇਂਦਰ ਸਰਕਾਰ ਵੱਲੋਂ ਬੇਟੀ ਬਚਾਓ-ਬੇਟੀ ਪੜਾਓ ਸਕੀਮ ਤਹਿਤ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਅਧੀਨ ਹੁਣ ਤਨਤਾਰਨ ਜਿਲ੍ਹਾ ਪ੍ਰਸ਼ਾਸਨ ਵੱਲੋਂ ਲੜਕੀਆਂ ਨੂੰ ਡਰਾਈਵਿੰਗ ਦੀ ਮੁਫ਼ਤ ਸਿਖਲਾਈ ਦੇਣ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ।
ਇਸ ਸੇਵਾ ਤਹਿਤ ਸ਼ਨੀਵਾਰ ਅਤੇ ਐਤਵਾਰ ਨੂੰ ਲੜਕੀਆਂ ਅਤੇ ਔਰਤਾਂ ਨੂੰ ਡਰਾਈਵਿੰਗ ਸਕੂਲ ਦੇ ਟਰੇਂਡ ਟਰੇਨਰਾਂ ਵੱਲੋਂ ਡਰਾਇਵਰੀ ਦੇ ਗੁਣ ਸਿਖਾਏ ਜਾਣਗੇ। ਇਸ ਸਕੀਮ ਦਾ ਆਗਾਜ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਝੰਡੀ ਦਿਖਾ ਕੇ ਸਿਖਲਾਈ ਵਾਲੀਆਂ ਕਾਰਾਂ ਨੂੰ ਰਵਾਨਾ ਕਰ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੇਟੀ ਬਚਾਓ ਅਤੇ ਬੇਟੀ ਪੜਾਓ ਪ੍ਰੋਗਰਾਮ ਦੇ ਤਹਿਤ ਜਿਲ੍ਹੇ ਭਰ ਵਿਚ ਕਈ ਪ੍ਰੋਗਰਾਮ ਕੀਤੇ ਜਾ ਰਹੇ ਹਨ ਜਿਸ ਵਿਚ ਲੜਕੀਆਂ ਨੂੰ ਸਵੈ ਰੱਖਿਆ ਲਈ ਜੂਡੋ ਅਤੇ ਕਰਾਟਿਆਂ ਦੀ ਟਰੇਨਿੰਗ, ਸੈਨੀਟਰੀ ਪੈਂਡਸ ਬਾਰੇ ਜਾਣੂ ਕਰਵਾਉਣਾ ਅਤੇ ਹੁਣ ਮੁਫ਼ਤ ਡਰਾਈਵਿੰਗ ਸਿਖਾਉਣ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਡਰਾਇਵਰੀ ਸਿੱਖਣ ਆਈਆਂ ਔਰਤਾਂ ਨੇ ਪ੍ਰਸ਼ਾਸ਼ਨ ਦੇ ਇਸ ਉਪਰਾਲੇ ਨੂੰ ਇਕ ਚੰਗਾ ਕਦਮ ਕਰਾਰ ਦਿੱਤਾ ਅਤੇ ਕਿਹਾ ਕਿ ਡਰਾਇਵਰੀ ਸਿੱਖ ਕੇ ਉਹ ਆਤਮ ਨਿਰਭਰ ਬਣ ਸਕਦੀਆਂ ਹਨ ਅਤੇ ਉਹ ਬਾਹਰ ਅੰਦਰ ਵੀ ਖੁਦ ਗੱਡੀ ਚਲਾ ਕੇ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਜਮਾਨੇ ਵਿਚ ਲੜਕਿਆਂ ਦੇ ਨਾਲ ਲੜਕੀਆਂ ਵੀ ਕਾਰ ਚਲਾ ਸਕਦੀਆਂ ਹਨ ਜਿਸ ਲਈ ਉਨ੍ਹਾਂ ਨੂੰ ਸਿਖਲਾਈ ਦੀ ਜਰੂਰਤ ਹੁੰਦੀ ਹੈ ਅਤੇ ਪ੍ਰਸ਼ਾਸਨ ਨੇ ਲੜਕੀਆਂ ਨੂੰ ਗੱਡੀ ਚਲਾਉਣਾ ਸਿਖਾਉਣ ਦਾ ਇਹ ਵਧੀਆ ਕਦਮ ਚੁੱਕਿਆ ਹੈ। ਖੈਰ ਜਿਲ੍ਹਾ ਪ੍ਰਸ਼ਾਸਨ ਦੁਆਰਾ ਔਰਤਾਂ ਨੂੰ ਫ੍ਰੀ ਡਰਾਈਵਿੰਗ ਸਿਖਾਉਣਾ ਇਕ ਵਧੀਆ ਉਪਰਾਲਾ ਮੰਨਿਆ ਜਾ ਰਿਹਾ ਹੈ ਜਿਸ ਦੀ ਚਾਰੇ ਪਾਸਿਓ ਪ੍ਰਸ਼ੰਸਾ ਹੋ ਰਹੀ ਹੈ।


