ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਆਪਣੀ ਨੌਕਰੀ ਦੀਆਂ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਈਟੀਟੀ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਅੱਜ ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਨਾਲ ਮੀਟਿੰਗ ਹੋਈ ਜਿੱਥੇ ਉਨ੍ਹਾਂ ਨੇ ਆਪਣੀਆਂ ਮੰਗਾ ਨੂੰ ਅਧਿਕਾਰੀਆਂ ਦੇ ਅੱਗੇ ਰੱਖਿਆ ਹੈ ਅਤੇ ਜਿਸ ਦੇ ਹੱਲ ਲਈ ਸਰਕਾਰ ਨੇ 16 ਮਾਰਚ ਤੱਕ ਦਾ ਸਮਾਂ ਦਿੱਤਾ ਹੈ ਅਤੇ ਉਸ ਦਿਨ ਇਸ ਬਾਰੇ ਸੀਐਮ ਕੈਪਟਨ ਅਮਰਿੰਦਰ ਸਿੰਘ ਕੋਈ ਐਲਾਨ ਕਰਨਗੇ।
ਦਰਅਸਲ 8 ਮਾਰਚ ਨੂੰ ਬੇਰੁਜ਼ਗਾਰ ਅਧਿਆਪਕਾਂ ਨੇ ਪਟਿਆਲਾ ਵਿਖੇ ਮੋਤੀ ਮਹਿਲ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਉੱਤੇ ਲਾਠੀਚਾਰਜ ਕੀਤਾ ਗਿਆ ਅਤੇ ਕੋਈ ਭਰੋਸਾ ਨਾ ਮਿਲਣ ਉੱਤੇ ਇਕ ਅਧਿਆਪਕ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਜਿਸ ਤੋਂ ਬਾਅਦ ਮਾਮਲਾ ਵੱਧਦਾ ਵੇਖ ਅਧਿਆਪਕਾਂ ਨੂੰ 12 ਮਾਰਚ ਵਾਲੇ ਦਿਨ ਭਾਵ ਕਿ ਅੱਜ ਵੀਰਵਾਰ ਨੂੰ ਗੱਲਬਾਤ ਲਈ ਸਮਾਂ ਦਿੱਤਾ ਗਿਆ ਅਤੇ ਅੱਜ ਬੇਰੁਜ਼ਗਾਰ ਅਧਿਆਪਕਾਂ ਦੇ ਇਕ ਵਫਦ ਨੇ ਪ੍ਰਿੰਸੀਪਲ ਸਕੱਤਰ, ਸਿੱਖਿਆ ਸਕੱਤਰ ਅਤੇ ਪੰਜਾਬ ਸਰਕਾਰ ਦੇ ਹੋਰ ਵੱਡੇ ਅਧਿਕਾਰੀ ਨਾਲ ਮੀਟਿੰਗ ਕੀਤੀ।
ਅਧਿਆਪਕਾਂ ਅਨੁਸਾਰ ਉਨ੍ਹਾਂ ਦੀ ਸਾਰੀ ਮੰਗਾਂ ਨੂੰ ਅਧਿਕਾਰੀਆਂ ਨੇ ਸੁਣਿਆ ਅਤੇ ਇਹ ਭਰੋਸਾ ਦਿੱਤਾ ਕਿ ਇਸ ਬਾਰੇ ਵਿਚਾਰ ਚਰਚਾ ਕਰਕੇ ਸੀਐਮ ਕੈਪਟਨ 16 ਮਾਰਚ ਨੂੰ ਕੋਈ ਐਲਾਨ ਕਰਨਗੇ। ਉਸ ਦਿਨ ਕਾਂਗਰਸ ਪਾਰਟੀ ਨੂੰ ਪੰਜਾਬ ਵਿਚ ਸਰਕਾਰ ਬਣਾਈ ਨੂੰ ਤਿੰਨ ਸਾਲ ਪੂਰੇ ਹੋ ਰਹੇ ਹਨ। ਇਸ ਤੋਂ ਇਲਾਵਾ ਅਧਿਆਪਕਾਂ ਨੇ ਆਪਣੇ ਉੱਤੇ ਹੋਏ ਪਰਚਿਆਂ ਨੂੰ ਲੈ ਕੇ ਵੀ ਅਧਿਕਾਰੀਆਂ ਨਾਲ ਚਰਚਾ ਕੀਤੀ ਜਿਸ ਦੇ ਬਾਰੇ ਵੀ ਫੈਸਲਾ 16 ਮਾਰਚ ਨੂੰ ਲਿਆ ਜਾਵੇਗਾ। ਅਧਿਆਪਕ ਪ੍ਰਧਾਨ ਦੀਪਕ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ 16 ਮਾਰਚ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਜਰੂਰ ਕੱਢੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਪ੍ਰਦਰਸ਼ਨ ਬੰਦ ਕਰਨ ਨੂੰ ਲੈ ਕੇ ਫੈਸਲਾ ਅਧਿਆਪਕਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਲਿਆ ਜਾਵੇਗਾ। ਖੈਰ ਹੁਣ ਵੇਖਣਾ ਹੋਵੇਗਾ ਕਿ ਕਾਂਗਰਸ ਦੇ ਤਿੰਨ ਸਾਲ ਪੂਰਾ ਹੋਣ ਉੱਤੇ ਅਧਿਆਪਕਾਂ ਦੀ ਮੰਗਾਂ ਦਾ ਕੋਈ ਹੱਲ ਨਿਕਲਦਾ ਹੈ ਜਾਂ ਫਿਰ ਨਹੀਂ।


