ਪਟਿਆਲਾ ਵਿਖੇ 10 ਸਾਲ ਦੀ ਮਾਨਵੀ ਲਈ ਜਨਮ ਦਿਨ ਹੀ ਮੌਤ ਵਾਲਾ ਦਿਨ ਬਣ ਗਿਆ। ਧੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਪਰਿਵਾਰ ਲਈ ਮਾਤਮ ਵਿਚ ਬਦਲ ਗਈਆਂ । ਥਾਣਾ ਅਨਾਜ ਮੰਡੀ ਦੇ ਵਿੱਚ ਪੈਂਦੇ ਅਮਨ ਨਗਰ ਦੇ ਵਿੱਚ ਰਹਿਣ ਵਾਲੀ 10 ਸਾਲਾ ਮਾਨਵੀ ਦੀ ਕੇਕ ਖਾਣ ਨਾਲ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਵਲੋਂ ਮਾਨਵੀ ਦੇ ਜਨਮ ਦਿਨ ‘ਤੇ ਇਹ ਕੇਕ ਆਨਲਾਈਨ ਮੰਗਵਾਇਆ ਗਿਆ ਸੀ, ਜਿਸ ਨੂੰ ਖਾਣ ਤੋਂ ਬਾਅਦ ਉਸ ਨੇ ਦਮ ਤੋੜ ਦਿਤਾ। ਇਸ ਘਟਨਾ ‘ਤੋਂ ਬਾਅਦ ਇਲਾਕੇ ਦੇ ਵਿਚ ਸੋਗ ਦੀ ਲਹਿਰ ਪਾਈ ਗਈ ਹੈ। ਕੇਕ ਖਾਣ ਨਾਲ ਪਰਿਵਾਰਕ ਮੈਂਬਰਾਂ ਨੂੰ ਵੀ ਉਲਟੀਆਂ ਲੱਗ ਗਈਆਂ। ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਪਰਿਵਾਰ ਦੇ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਦੀ ਧੀ ਦੇ ਜਨਮ ਦਿਨ ‘ਤੇ ਅਸੀਂ ਆਨਲਾਈਨ ਕੇਕ ਮੰਗਵਾਇਆ ਸੀ। ਇਸ ਨੂੰ ਖਾਣ ਤੋਂ ਬਾਅਦ ਸਾਡਾ ਸਾਰਾ ਪਰਿਵਾਰ ਬਿਮਾਰ ਹੋ ਗਿਆ। ਦੇਰ ਰਾਤ ਮਾਨਵੀ ਦੀ ਤਬੀਅਤ ਜ਼ਿਆਦਾ ਖਰਾਬ ਹੋਈ। ਸਵੇਰੇ ਜਦੋਂ ਉਨ੍ਹਾਂ ਦੇਖਿਆ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੀ ਧੀ ਦਾ ਸਰੀਰ ਠੰਢਾ ਪੈ ਚੁੱਕਿਆ ਸੀ, ਜਿਸ ‘ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿਚ ਡਾਕਟਰਾਂ ਵਲੋਂ ਮਾਨਵੀ ਨੂੰ ਮ੍ਰਿਤਕ ਐਲਾਨ ਕਰ ਦਿਤਾ ਗਿਆ।



