ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਲਕਾ ਖਡੂਰ ਸਾਹਿਬ ਦੇ ਪਿੰਡ ਹੰਸਾਵਾਲਾ ਦੇ ਕਾਂਗਰਸੀ ਸਰਪੰਚ ‘ਤੇ ਕੁੱਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋ ਜਾਨਲੇਵਾ ਹਮਲਾ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਦੱਸ ਦਈਏ ਅਣਪਛਾਤੇ ਬਾਇਕ ਸਵਾਰ ਵਿਅਕਤੀਆਂ ਵਲੋਂ ਅਚਾਣਕ ਅੰਨੇਵਾਹ ਗੋਲੀਆਂ ਚਲਾਈ ਗਈ ਹੈ, ਜਿਸ ਕਾਰਨ ਕਾਂਗਰਸੀ ਸਰਪੰਚ ਲਖਵਿੰਦਰ ਸਿੰਘ ਗੰਭੀਰ ਰੂਪ ਤੋਂ ਜ਼ਖਮੀ ਹੋਏ ਹਨ।
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਵਾਰਦਾਤ ਤੋਂ ਬਾਅਦ ਦੋ ਮੋਟਰਸਾਈਕਲਾ ‘ਤੇ 5 ਸਵਾਰ ਅਣਪਛਾਤੇ ਵਿਅਕਤੀਆਂ ਨੇ ਸਰਪੰਚ ਤੇ ਸਿੱਧੀਆਂ ਗੋਲੀਆਂ ਚਲਾਈਆਂ ਹਨ, ਜਿਸ ਦੌਰਾਨ ਦੋ ਗੋਲੀਆਂ ਵੱਜਣ ਕਾਰਨ ਸਰਪੰਚ ਲਖਵਿੰਦਰ ਸਿੰਘ ਗੰਭੀਰ ਜਖਮੀ ਹੋਏ ਹਨ। ਬਹਿਰਹਾਲ ਸਰਪੰਚ ਨੂੰ ਇਲਾਜ ਲਈ ਤਰਨਤਾਰਨ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਜੇਰੇ ਇਲਾਜ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆ ਸਰਪੰਚ ਲਖਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ, ਜਦ ਸਰਪੰਚ ਲਖਵਿੰਦਰ ਸਿੰਘ ਦੇਰ ਸ਼ਾਮ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਤੋਂ ਬਹਿਕ (ਘਰ) ਵੱਲ ਵਾਪਸ ਆ ਰਿਹਾ ਸੀ ਤਾਂ ਘਰ ਦੀ ਕੁੱਝ ਦੂਰੀ ਤੋਂ ਕੁੱਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋ ਅੱਧੀ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਅਤੇ ਦੋ ਗੋਲੀਆਂ ਲਖਵਿੰਦਰ ਸਿੰਘ ਦੇ ਮੋਢੇ ਅਤੇ ਪੱਟ ਵਿੱਚ ਲੱਗੀਆਂ ਜਿੰਨ੍ਹਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਬਾਰੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ।
ਵਾਰਦਾਤ ਤੋਂ ਬਾਅਦ ਸੂਚਨਾ ਮਿਲਣ ਤੋਂ ਬਾਅਦ ਪਹੁੰਚੇ ਡੀਐਸਪੀ ਰਵਿੰਦਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ, ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਹਮਲਾਵਰਾਂ ਦਾ ਪਤਾ ਲਾਉਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਇਸ ਲਈ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ। ਡੀਐਸਪੀ ਨੇ ਕਿਹਾ ਕਿ, ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।



