ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਦੁਆਰਾ ਬੀਤੇ ਸੋਮਵਾਰ ਨੂੰ ਸੂਬੇ ਵਿਚ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਸਾਰੇ ਜਿਲ੍ਹਿਆ ਦਾ ਪੁਲਿਸ ਪ੍ਰਸ਼ਾਸਨ ਅਤੇ ਜਿਲ੍ਹਾ ਪ੍ਰਸ਼ਾਸਨ ਸਖਤੀ ਨਾਲ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਵਿਚ ਜੁੱਟਿਆ ਹੋਇਆ ਹੈ। ਕਰਫਿਊ ਲੱਗਣ ਤੋਂ ਬਾਅਦ ਅੱਜ ਮੰਗਲਵਾਰ ਨੂੰ ਕਈ ਥਾਵਾਂ ਉੱਤੇ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਲਾਠੀਚਾਰਜ ਕੀਤਾ ਹੈ ਅਤੇ ਵਾਹਨਾਂ ਦੇ ਚਲਾਨ ਵੀ ਕੱਟੇ ਹਨ।
ਦਰਅਸਲ ਅੱਜ ਸਵੇਰੇ 5 ਵਜੇ ਦੇ ਕਰੀਬ ਨਾਭਾ ਪੁਲਿਸ ਨੇ ਸਬਜ਼ੀ ਮੰਡੀ ਵਿਚ ਰੇਡ ਮਾਰੀ ਅਤੇ ਉੱਥੇ ਮੁਕੰਮਲ ਤੌਰ ਉੱਤੇ ਸਾਰੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਹੈ ਨਾਲ ਹੀ (ਨਾਭਾ) ਜਿਲ੍ਹੇ ਵੀ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਹੀਕਲਾਂ ਦੇ ਚਲਾਨ ਵੀ ਕੱਟੇ ਗਏ ਅਤੇ ਕਈ ਵਹੀਕਲਾਂ ਨੂੰ ਬਾਊਂਡ ਵੀ ਕੀਤਾ ਗਿਆ ਹੈ। ਜਦਕਿ ਮੁਹਾਲੀ ਦੇ 11 ਫੇਸ ਵਿਚ ਵੀ ਪੁਲਿਸ ਨੇ ਖੁਲ੍ਹੀ ਦੁਕਾਨਾਂ ਨੂੰ ਬੰਦ ਕਰਵਾਉਣ ਲਈ ਹਲਕੇ ਬਲ ਦਾ ਪ੍ਰਯੋਗ ਕੀਤਾ ਹੈ। ਸੀਐਮ ਸਿਟੀ ਪਟਿਆਲਾ ਵਿਚ ਵੀ ਕਰਫਿਊ ਦੌਰਾਨ ਦੁਕਾਨਾਂ ਖੋਲ੍ਹਣ ਵਾਲੇ ਦੁਕਾਨਦਾਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਨਾਲ ਹੀ ਸੜਕਾਂ ਉੱਤੇ ਘੁੰਮਣ ਵਾਲਿਆਂ ਦੀ ਦੰਡ ਬੈਠਕਾਂ ਕਢਵਾਈ ਗਈਆਂ ਹਨ। ਅਨੰਦਪੁਰ ਸਾਹਿਬ ਵਿਚ ਵੀ ਪੁਲਿਸ ਦੁਆਰਾ ਥਾਂ-ਥਾਂ ਨਵਕਾਬੰਦੀ ਕੀਤੀ ਗਈ ਹੈ ਜਿਸ ਦੌਰਾਨ ਵਹਾਨਾਂ ‘ਤੇ ਬੇਪਰਵਾਹ ਘੁੰਮ ਰਹੇ ਲੋਕਾਂ ਉੱਤੇ ਪੁਲਿਸ ਨੇ ਖੂਬ ਡੰਡਾ ਬਰਸਾਇਆ ਹੈ।
ਦੱਸ ਦਈਏ ਕਿ ਬੀਤੇ ਦਿਨ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਸਪੀਕਰਾਂ ਰਾਹੀਂ ਅਨਾਊਸਮੈਂਟ ਕਰਕੇ ਕਰਫਿਊ ਦੀ ਪਾਲਣਾ ਕਰਨ ਲਈ ਅਪੀਲ ਕਰ ਰਿਹਾ ਸੀ ਅਤੇ ਬਜਾਰਾਂ ਵਿਚ ਦੁਕਾਨਾਂ ਨੂੰ ਬੰਦ ਰੱਖਣ ਦੀ ਬੇਨਤੀ ਕੀਤੀ ਜਾ ਰਹੀ ਸੀ ਪਰ ਹੁਣ ਪੂਰਾ ਪੁਲਿਸ ਪ੍ਰਸ਼ਾਸਨ ਬਿਲਕੁਲ ਸਖਤ ਨਜਰ ਆ ਰਿਹਾ ਹੈ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੀ ਡੰਡਾ ਪਰੇਡ ਹੋ ਰਹੀ ਹੈ।





