ਨਵੀਂ ਦਿੱਲੀ- ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਤੇ ਵੀ ਪਿਆ ਹੈ। ਕੱਚੇ ਤੇਲ ਦੀ ਕੀਮਤ 110 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ। ਇਹ ਪਿਛਲੇ ਸੱਤ ਸਾਲਾਂ ਵਿੱਚ ਸਭ ਤੋਂ ਵੱਧ ਕੀਮਤ ਹੈ। ਕੌਮਾਂਤਰੀ ਬਾਜ਼ਾਰ ‘ਚ ਅੱਜ ਬ੍ਰੈਂਟ ਕੱਚੇ ਤੇਲ ਦੀ ਕੀਮਤ ‘ਚ ਪੰਜ ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਇਸ ਦੀ ਕੀਮਤ ਵਧ ਕੇ 110.23 ਡਾਲਰ ਪ੍ਰਤੀ ਬੈਰਲ ਹੋ ਗਈ। ਜੁਲਾਈ 2014 ਤੋਂ ਬਾਅਦ ਪਹਿਲੀ ਵਾਰ ਕੱਚੇ ਤੇਲ ਦੀ ਕੀਮਤ 110 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ।
Also Read: ਰੂਸ ‘ਤੇ ਇਕ ਹੋਰ ਵੱਡਾ ਵਾਰ, Apple ਪ੍ਰੋਡਕਟਾਂ ਦੀ ਵਿਕਰੀ ਤੇ ਐਪ ਰਾਹੀਂ ਇਹ ਸਰਵਿਸ ਹੋਈ ਬੈਨ
ਇਸ ਤੋਂ ਇਲਾਵਾ ਅਮਰੀਕੀ ਵੈਸਟ ਟੈਕਸਾਸ ਇੰਟਰਮੀਡੀਏਟ ਦੀ ਕੀਮਤ ‘ਚ ਵੀ 4.8 ਫੀਸਦੀ ਦਾ ਉਛਾਲ ਦਰਜ ਕੀਤਾ ਗਿਆ ਹੈ। ਇਸ ਦੀ ਕੀਮਤ ਸਤੰਬਰ 2013 ਤੋਂ ਬਾਅਦ ਸਭ ਤੋਂ ਵੱਧ 108.41 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਤੋਂ ਬਾਅਦ ਭਾਰਤ ‘ਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੋਣ ਦੀ ਸੰਭਾਵਨਾ ਹੈ। ਮਾਹਿਰ ਕਹਿ ਰਹੇ ਹਨ ਕਿ ਯੂਪੀ, ਪੰਜਾਬ ਸਮੇਤ ਪੰਜ ਰਾਜਾਂ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡਾ ਉੱਛਾਲ ਹੋ ਸਕਦਾ ਹੈ।
Also Read: ਯੂਕਰੇਨ ‘ਤੇ ਹਮਲਾ ਕਰ ਖੁਦ ਰੂਸ ਹੋ ਰਿਹੈ ‘ਤਬਾਹ’, ਆਰਥਿਕ ਮੰਦੀ ਦੇ ਗੰਭੀਰ ਸੰਕਟ ‘ਚ ਫਸਿਆ ਦੇਸ਼
ਦੱਸਣਯੋਗ ਹੈ ਕਿ 2021 ਦੀ ਦੀਵਾਲੀ ਤੋਂ ਬਾਅਦ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਪਰ ਇਸ ਦੇ ਉਲਟ ਕੱਚੇ ਤੇਲ ਦੀ ਕੀਮਤ ‘ਚ ਭਾਰੀ ਵਾਧਾ ਹੋਇਆ ਹੈ। ਯੂਕਰੇਨ ‘ਤੇ ਰੂਸ ਦੀ ਬੰਬਾਰੀ ਤੋਂ ਬਾਅਦ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ ਤੇਜ਼ੀ ਨਾਲ ਵਧ ਗਈ ਹੈ। ਹਾਲ ਹੀ ‘ਚ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈਆਂ ਸਨ, ਜਿਸ ਤੋਂ ਬਾਅਦ ਅੱਜ ਇਹ ਕੀਮਤ 110 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ।
Also Read: ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੀ ਸਪੋਰਟ ‘ਚ ਪਤਨੀ ਨੇ ਲਿਖੀ ਭਾਵੁੱਕ ਪੋਸਟ, ਪਤੀ ਵਾਂਗ ਰੱਖਦੀ ਹੈ ਮਜ਼ਬੂਤ ਇਰਾਦੇ
ਤੇਲ ਕੰਪਨੀਆਂ ਕਰਦੀਆਂ ਹਨ ਕੀਮਤ ਤੈਅ
ਪਿਛਲੇ ਕਈ ਸਾਲਾਂ ਤੋਂ ਕੇਂਦਰ ਸਰਕਾਰ ਦੀ ਬਜਾਏ ਸਰਕਾਰੀ ਤੇਲ ਕੰਪਨੀਆਂ ਹੀ ਪੈਟਰੋਲ ਅਤੇ ਡੀਜ਼ਲ ਦੇ ਰੇਟ ਤੈਅ ਕਰਦੀਆਂ ਹਨ। ਤੇਲ ਕੰਪਨੀਆਂ ਦਾ ਦਾਅਵਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਰੋਜ਼ਾਨਾ ਬਦਲਾਅ ਦੇ ਮੱਦੇਨਜ਼ਰ ਇਹ ਕੀਮਤਾਂ ਤੈਅ ਕੀਤੀਆਂ ਗਈਆਂ ਹਨ। ਭਾਰਤ ਵਿੱਚ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਪਿਛਲੀ ਵਾਰ ਨਵੰਬਰ ਦੇ ਸ਼ੁਰੂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਵਿੱਚ 10 ਅਤੇ 5 ਰੁਪਏ ਦੀ ਕਟੌਤੀ ਕਰਕੇ ਜਨਤਾ ਨੂੰ ਰਾਹਤ ਦਿੱਤੀ ਸੀ। ਯੂਪੀ-ਬਿਹਾਰ ਸਮੇਤ ਲਗਭਗ ਸਾਰੇ ਰਾਜਾਂ ਨੇ ਵੀ ਬਾਅਦ ਵਿੱਚ ਵੈਟ ਦਰਾਂ ਘਟਾ ਦਿੱਤੀਆਂ ਸਨ।
…ਤਾਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਵਧੇਗੀ ਮਹਿੰਗਾਈ?
ਇਨ੍ਹੀਂ ਦਿਨੀਂ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਯੂਪੀ ਵਿੱਚ ਵੋਟਿੰਗ ਦੇ ਦੋ ਪੜਾਅ ਬਾਕੀ ਹਨ। ਆਖਰੀ ਪੜਾਅ ਦੀ ਪੋਲਿੰਗ 7 ਮਾਰਚ ਨੂੰ ਹੈ ਜਦਕਿ ਚੋਣ ਨਤੀਜੇ 10 ਮਾਰਚ ਨੂੰ ਆਉਣਗੇ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਤੇ ਨਜ਼ਰ ਰੱਖਣ ਵਾਲੇ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਅਸਲ ‘ਚ ਵਿਧਾਨ ਸਭਾ ਚੋਣਾਂ ਕਾਰਨ ਤੇਲ ਦੀਆਂ ਕੀਮਤਾਂ ‘ਚ ਕੋਈ ਵਾਧਾ ਨਹੀਂ ਹੋਇਆ। ਭਾਵੇਂ ਇਹ ਕਿਹਾ ਜਾਂਦਾ ਹੈ ਕਿ ਤੇਲ ਕੰਪਨੀਆਂ ਅੰਤਰਰਾਸ਼ਟਰੀ ਬਾਜ਼ਾਰ ਦੇ ਹਿਸਾਬ ਨਾਲ ਤੇਲ ਦੀਆਂ ਕੀਮਤਾਂ ਤੈਅ ਕਰਦੀਆਂ ਹਨ, ਪਰ ਪਿਛਲੇ ਕੁਝ ਸਾਲਾਂ ਤੋਂ ਦੇਖਿਆ ਗਿਆ ਹੈ ਕਿ ਜਦੋਂ ਕਿਸੇ ਸੂਬੇ ਦੀਆਂ ਚੋਣਾਂ ਚੱਲ ਰਹੀਆਂ ਹੁੰਦੀਆਂ ਹਨ ਤਾਂ ਆਮ ਤੌਰ ‘ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਨਹੀਂ ਹੁੰਦਾ। ਚੋਣਾਂ ਤੋਂ ਬਾਅਦ ਕੀਮਤਾਂ ਫਿਰ ਤੋਂ ਬਦਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ ‘ਚ ਮਾਹਿਰਾਂ ਨੂੰ ਖਦਸ਼ਾ ਹੈ ਕਿ ਚੋਣ ਨਤੀਜਿਆਂ ਤੋਂ ਬਾਅਦ ਇਸ ਵਾਰ ਵੀ ਪੈਟਰੋਲ-ਡੀਜ਼ਲ ਦੇ ਰੇਟ ਵਧ ਸਕਦੇ ਹਨ।



