ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਨੇ ਚੀਨ ਤੋਂ ਸ਼ੁਰੂ ਹੋ ਕੇ ਦੁਨੀਆ ਭਰ ਦੇ ਦੇਸ਼ਾਂ ਵਿਚ ਆਪਣੇ ਪੈਰ ਪਸਾਰ ਲਏ ਹਨ। ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨੇ ਸੱਭ ਤੋਂ ਜਿਆਦਾ ਕਹਿਰ ਇਟਲੀ ਵਿਚ ਮਚਾਇਆ ਹੈ। ਇਟਲੀ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਚੀਨ ਤੋਂ ਵੱਧ ਹੋ ਚੁੱਕੀ ਹੈ। ਇਟਲੀ ਦੇ 4 ਹਜਾਰ ਤੋਂ ਵੱਧ ਲੋਕਾਂ ਨੇ ਕੋਰੋਨਾ ਵਾਇਰਸ ਕਰਕੇ ਆਪਣੀ ਜਾਨ ਤੋਂ ਹੱਥ ਧੋ ਲਏ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ 24 ਘੰਟਿਆਂ ਵਿਚ ਇਟਲੀ ‘ਚ 620 ਲੋਕਾਂ ਨੇ ਕੋਰੋਨਾ ਵਾਇਰਸ ਕਰਕੇ ਆਪਣੀ ਜਾਨ ਗਵਾਈ ਹੈ। ਇਨ੍ਹਾਂ ਸਾਰੀਆਂ ਮੌਤਾਂ ਨੂੰ ਮਿਲਾ ਕੇ ਮਰਨ ਵਾਲਿਆਂ ਦੀ ਗਿਣਤੀ 4 ਹਜ਼ਾਰ ਨੂੰ ਵੀ ਪਾਰ ਕਰ ਗਈ ਹੈ। ਉੱਥੇ ਹੀ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਸੰਖਿਆ ਹੁਣ ਇਟਲੀ ਵਿਚ 47 ਹਜਾਰ ਹੋ ਚੁੱਕੀ ਹੈ। ਲਗਭਗ 5 ਹਜਾਰ ਨਵੇਂ ਕੇਸ ਦੀ ਹੋਰ ਪੁਸ਼ਟੀ ਹੋਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਟਲੀ ਵਿਚ ਸੱਭ ਤੋਂ ਜਿਆਦਾ ਮੌਤਾਂ 60 ਸਾਲ ਦੀ ਉੱਮਰ ਤੋਂ ਵੱਧ ਦੇ ਲੋਕਾਂ ਦੀਆਂ ਹੋ ਰਹੀਆਂ ਹਨ।ਗੱਲ ਜੇਕਰ ਚੀਨ ਦੀ ਕੀਤੀ ਜਾਵੇ ਤਾਂ ਇੱਥੇ 3300 ਦੇ ਆਸ-ਪਾਸ ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਹੈ।
ਕੋਰੋਨਾ ਵਾਇਰਸ ਕਰਕੇ ਇਟਲੀ ਪੂਰੀ ਤਰ੍ਹਾ ਲੋਕਡਾਊਨ ਹੋ ਚੁੱਕਿਆ ਹੈ। ਸੈਲਾਨੀਆਂ ਦੀ ਪਸੰਦ ਇਹ ਖੂਬਸੂਰਤ ਦੇਸ਼ ਹੁਣ ਕੋਰੋਨਾ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ ਜਿਸ ਕਰਕੇ ਲੋਕ ਆਪਣੇ ਘਰਾਂ ਵਿਚ ਕੈਦ ਹੋਣ ਲਈ ਮਜ਼ਬੂਰ ਹੋ ਚੁੱਕੇ ਹਨ। ਜਿਆਦਾ ਗਿਣਤੀ ਵਿਚ ਘਰੋਂ ਬਾਹਰ ਨਿਕਲਣ ਤੇ ਲੋਕਾਂ ਉੱਤੇ ਜ਼ੁਰਮਾਨਾ ਵੀ ਲਗਾਇਆ ਜਾ ਰਿਹਾ ਹੈ ਕਿਉਂਕਿ ਇਟਲੀ ਸਰਕਾਰ ਨੇ ਇਸ ਮਹਾਮਾਰੀ ਤੋਂ ਬੱਚਣ ਲਈ ਪੂਰੇ ਦੇਸ਼ ਵਿਚ ਕਈ ਤਰ੍ਹਾ ਦੀਆਂ ਪਾਬੰਦੀਆਂ ਵੀ ਲਾਗੂ ਕੀਤੀਆਂ ਹੋਈਆਂ ਹਨ ਜਿਸ ਕਰਕੇ ਸੜਕਾਂ ਖਾਲ੍ਹੀ ਪਈਆਂ ਹਨ ਅਤੇ ਸ਼ਹਿਰਾਂ ਵਿਚ ਸਨਾਟਾ ਛਾਇਆ ਹੋਇਆ ਹੈ।

