ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਭਾਰਤ ਵਿਚ ਆਪਣੇ ਪੈਰ ਪਸਾਰ ਚੁੱਕਿਆ ਹੈ। ਪੂਰੇ ਦੇਸ਼ ਵਿਚੋਂ ਕੋਰੋਨਾ ਵਾਇਰਸ ਦੇ ਹੁਣ ਤੱਕ 320 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਮਹਾਰਾਸ਼ਟਰ, ਕੇਰਲ, ਰਾਜਸਥਾਨ, ਯੂਪੀ,ਦਿੱਲੀ ਅਤੇ ਪੰਜਾਬ ਤੋਂ ਕੋਰੋਨਾ ਦੇ ਹੋਰ ਨਵੇਂ ਕੇਸ ਸਾਹਮਣੇ ਆਏ ਹਨ।
ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਭਾਰਤ ਦੇ 20 ਸੂਬਿਆਂ ਨੂੰ ਆਪਣੀ ਚਪੇਟ ਵਿਚ ਲੈ ਚੁੱਕਿਆ ਹੈ ਜਿਸ ਵਿਚ ਕੇਂਦਰ ਸ਼ਾਸ਼ਿਤ ਪ੍ਰਦੇਸ਼ ਵੀ ਸ਼ਾਮਲ ਹਨ। ਹੁਣ ਤੱਕ 324 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚ 41 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਸ ਮਹਾਮਾਰੀ ਨਾਲ ਸੱਭ ਤੋਂ ਜਿਆਦਾ ਪ੍ਰਭਾਵਿਤ ਮਹਾਰਾਸ਼ਟਰ ਹੋਇਆ ਹੈ ਇੱਥੇ 60 ਤੋਂ ਵੱਧ ਲੋਕ ਕੋਰੋਨਾ ਵਾਇਰਸ ਦੀ ਚਪੇਟ ਵਿਚ ਹਨ ਜਿਸ ਕਰਕੇ ਸਰਕਾਰ ਨੇ ਸੂਬੇ ਦੇ ਚਾਰ ਵੱਡੇ ਸ਼ਹਿਰਾਂ ਮੁੰਬਈ, ਪੁਣੇ, ਨਾਗਪੁਰ ਅਤੇ ਪਿੰਪਰੀ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਕੇਰਲ ਵਿਚ ਵੀ 50, ਰਾਜਸਥਾਨ ਵਿਚ 25, ਉੱਤਰ ਪ੍ਰਦੇਸ਼ ਵਿਚ 27, ਦਿੱਲੀ ਵਿਚ 26, ਪੰਜਾਬ ਵਿਚ 13 ਅਤੇ ਲਦਾਖ ਵਿਚ ਵੀ 13 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ। ਦੇਸ਼ ਭਰ ਵਿਚ ਹੁਣ ਤੱਕ ਕੋਰੋਨਾ ਵਾਇਰਸ ਪੰਜ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਬੀਤੇ ਦਿਨ ਪੰਜਾਬ ਵਿਚੋਂ ਇਕ ਹੀ ਪਰਿਵਾਰ ਦੇ ਛੇ ਪਰਿਵਾਰਕ ਮੈਬਰਾਂ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਸੀ ਇਹ ਉਹੀਂ ਪਰਿਵਾਰ ਸੀ ਜਿਸ ਦੇ ਇਕ 70 ਸਾਲਾਂ ਬਜ਼ੁਰਗ ਦੀ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ ਸੀ।
ਉੱਥੇ ਹੀ ਅੱਜ ਪੂਰੇ ਦੇਸ਼ ਵਿਚ ਜਨਤਾ ਕਰਫਿਊ ਐਲਾਨਿਆ ਹੋਇਆ ਹੈ। ਇਸ ਦਾ ਪੂਰੇ ਦੇਸ਼ ਵਿਚ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸੜਕਾਂ ਸੁੰਨਸਾਨ ਨਜ਼ਰ ਆ ਰਹੀਆਂ ਹਨ ਅਤੇ ਬਜਾਰਾਂ ਵਿਚ ਸਨਾਟਾ ਛਾਇਆ ਹੋਇਆ ਹੈ। ਅੱਜ ਪੂਰੇ ਦੇਸ਼ ਵਿਚ ਰੇਲ ਸੇਵਾ ਅਤੇ ਦਿੱਲੀ ਵਿਚ ਮੈਟਰੋ ਨੂੰ ਵੀ ਬੰਦ ਕੀਤਾ ਗਿਆ ਹੈ। ਪੀਐਮ ਮੋਦੀ ਦੀ ਅਪੀਲ ਉੱਤੇ ਲੋਕ ਇਸ ਜਨਤਾ ਕਰਫਿਊ ਨੂੰ ਆਪਣਾ ਸਹਿਯੋਦ ਦਿੰਦੇ ਹੋਏ ਵਿਖਾਈ ਦੇ ਰਹੇ ਹਨ।

