ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਭਾਰਤ ਵਿਚ ਵੀ ਆਪਣੇ ਪੈਰ ਜਮਾ ਦਿੱਤੇ ਹਨ। ਹਰ ਦਿਨ ਕਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਬੀਤੇ ਦਿਨ ਸ਼ਾਮ 5 ਵਜੇ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 131 ਸੀ ਜੋ ਕਿ ਹੁਣ ਵੱਧ ਕੇ 147 ਹੋ ਗਈ ਹੈ।
ਬੀਤੇ ਮੰਗਲਵਾਰ ਤੋਂ ਲੈ ਕੇ ਹੁਣ ਤੱਕ 16 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਸੱਭ ਤੋਂ ਜਿਆਦਾ ਮਹਾਰਾਸ਼ਟਰ ਪ੍ਰਭਾਵਿਤ ਹੋਇਆ ਹੈ। ਜਾਣਕਾਰੀ ਅਨੁਸਾਰ ਇੱਥੇ 40 ਤੋਂ ਵੱਧ ਲੋਕਾਂ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ ਜਿਸ ਦੇ ਚੱਲਦੇ ਇੱਥੇ 31 ਮਾਰਚ ਤੱਕ ਸਕੂਲਾਂ-ਕਾਲਜਾਂ, ਜਿੰਮ, ਸਿਨੇਮਾ ਘਰਾਂ ਤੋਂ ਇਲਾਵਾ ਸਰਕਾਰੀ ਦਫਤਰਾਂ ਨੂੰ ਵੀ ਸੱਤ ਦਿਨ ਲਈ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਕੇਂਦਰ ਸ਼ਾਸ਼ਿਤ ਪ੍ਰਦੇਸ਼ ਲੱਦਾਖ ਵਿਚੋਂ ਵੀ ਕੱਲ੍ਹ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਨਾਲ ਭਾਰਤ ਵਿਚ ਹੁਣ ਤੱਕ 3 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਮ੍ਰਿਤਕ ਮਹਾਰਾਸ਼ਟਰ, ਕਰਨਾਟਕਾ ਅਤੇ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਤਿੰਨੋ ਬਜ਼ੁਰਗ ਹਨ ਜਿਨ੍ਹਾਂ ਵਿਚੋਂ ਦੋ ਪੁਰਸ਼ ਅਤੇ ਇਕ ਔਰਤ ਹੈ।
ਕੋਰੋਨਾ ਵਾਇਰਸ ਨੂੰ ਭਾਰਤ ਦੀ ਕਈ ਸੂਬਾ ਸਰਕਾਰਾਂ ਨੇ ਪਹਿਲਾ ਹੀ ਮਹਾਮਾਰੀ ਐਲਾਨ ਦਿੱਤਾ ਹੈ। ਉੱਥੇ ਹੀ ਕੇਂਦਰ ਸਰਕਾਰ ਨੇ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜਾ ਦੇਣ ਦਾ ਫੈਸਲਾ ਕੀਤਾ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਦੇ ਸਾਰੇ ਏਅਰਪੋਰਟਾਂ ਉੱਤੇ ਨਿਗਰਾਨੀ ਵਧਾਈ ਹੋਈ ਹੈ ਹਰ ਆਉਣ ਜਾਣ ਵਾਲੇ ਯਾਤਰੀ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਸਰਕਾਰ ਨੇ 15 ਅਪ੍ਰੈਲ ਤੱਕ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਹਨ। ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੇ ਇਲਾਜ ਲਈ ਵੱਖਰੇ ਆਈਸੋਲੇਸ਼ਨ ਵਾਰਡ ਤਿਆਰ ਕੀਤੇ ਗਏ ਹਨ।


