ਚੰਡੀਗੜ੍ਹ : ਆਮ ਆਦਮੀ ਪਾਰਟੀ ਖਿਲਾਫ ਟਿੱਪਣੀ ਕਰਨ ਦੇ ਮਾਮਲੇ ‘ਚ ਪੰਜਾਬ ਪੁਲਿਸ ਹੁਣ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਦੇ ਘਰ ਪਹੁੰਚ ਗਈ ਹੈ। ਵਿਸ਼ਵਾਸ ਨੇ ਖੁਦ ਗਾਜ਼ੀਆਬਾਦ ਸਥਿਤ ਆਪਣੇ ਘਰ ਪਹੁੰਚੀ ਪੁਲਿਸ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਉਸ ਖ਼ਿਲਾਫ਼ ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦੀ ਇੱਕ ਟੀਮ ਨੋਟਿਸ ਦੇਣ ਲਈ ਉਸ ਕੋਲ ਪਹੁੰਚੀ ਅਤੇ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ।ਪੰਜਾਬ ਦੇ ਰੋਪੜ ਜ਼ਿਲੇ ਦੇ ਥਾਣਾ ਸਦਰ ‘ਚ ਕੁਮਾਰ ਵਿਸ਼ਵਾਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ 153, 505, 323, 341, 506 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਰੋਪੜ ਸਦਰ ਥਾਣੇ ਦੇ ਇੰਸਪੈਕਟਰ ਸੁਮਿਤ ਮੋੜ ਦੀ ਅਗਵਾਈ ਹੇਠ ਪੰਜਾਬ ਪੁਲਿਸ ਇਤਲਾਹ ਲੈਣ ਲਈ ਗਈ ਹੈ। ਫਿਲਹਾਲ ਪੰਜਾਬ ਪੁਲਿਸ ਦੇ ਅਧਿਕਾਰੀ ਇਸ ਮਾਮਲੇ ‘ਚ ਖੁੱਲ੍ਹ ਕੇ ਕੁਝ ਨਹੀਂ ਕਹਿ ਰਹੇ ਹਨ।
ਬੁੱਧਵਾਰ ਸਵੇਰੇ ਕੁਮਾਰ ਨੇ ਟਵੀਟ ਕੀਤਾ ਕਿ ‘ਪੰਜਾਬ ਪੁਲਿਸ ਸਵੇਰੇ ਹੀ ਉਨ੍ਹਾਂ ਕੋਲ ਆਈ ਸੀ। ਮੇਰੇ ਵੱਲੋਂ ਪਾਰਟੀ ‘ਚ ਸ਼ਾਮਲ ਕੀਤੇ ਗਏ ਭਗਵੰਤ ਮਾਨ ਨੂੰ ਮੈਂ ਅਗਾਹ ਕਰਦਾ ਹਾਂ ਕਿ ਦਿੱਲੀ ਵਿਚ ਬੈਠਾ ਬੰਦਾ ਜਿਸ ਨੂੰ ਤੁਸੀਂ ਪੰਜਾਬ ਦੇ ਲੋਕਾਂ ਦੀ ਤਾਕਤ ਨਾਲ ਖੇਲਣ ਦੇ ਰਹੇ ਹੋ ਉਹ ਇਕ ਦਿਨ ਤੁਹਾਨੂੰ ਅਤੇ ਪੰਜਾਬ ਨੂੰ ਧੋਖਾ ਦੇਵੇਗਾ,ਦੇਸ਼ ਮੇਰੀ ਚਿਤਾਵਨੀ ਨੂੰ ਯਾਦ ਰੱਖੇ’

ਕੀ ਹੈ ਪੂਰਾ ਮਾਮਲਾ ?
ਪੰਜਾਬ ਚੋਣਾਂ ਦੌਰਾਨ ਕੁਮਾਰ ਵਿਸ਼ਵਾਸ ਦੇ ਬਿਆਨ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਉਨ੍ਹਾਂ ਅਰਵਿੰਦ ਕੇਜਰੀਵਾਲ ‘ਤੇ ਦੇਸ਼ ਨੂੰ ਤੋੜਨ ਦੀ ਗੱਲ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਇਸ ‘ਤੇ ਕੇਜਰੀਵਾਲ ਤੋਂ ਜਵਾਬ ਵੀ ਮੰਗਿਆ ਸੀ। ਹਾਲਾਂਕਿ ਇਸ ਦੇ ਜਵਾਬ ‘ਚ ਕੇਜਰੀਵਾਲ ਨੇ ਖੁਦ ਨੂੰ ਮਿੱਠਾ ਅੱਤਵਾਦੀ ਕਿਹਾ। ਵਿਸ਼ਵਾਸ ‘ਤੇ ਚੁਟਕੀ ਲੈਂਦਿਆਂ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਉਹ ਮਿੱਠਾ ਅੱਤਵਾਦੀ ਹਾਂ ਜੋ ਬੱਚਿਆਂ ਲਈ ਸਕੂਲ ਅਤੇ ਮਰੀਜ਼ਾਂ ਲਈ ਹਸਪਤਾਲ ਬਣਾਉਂਦਾ ਹੈ।ਕੁਮਾਰ ਵਿਸ਼ਵਾਸ ਨੇ ਅਰਵਿੰਦ ਕੇਜਰੀਵਾਲ ਨੂੰ ਖਾਲਿਸਤਾਨ ਦਾ ਸਮਰਥਕ ਕਿਹਾ ਸੀ। ਵਿਸ਼ਵਾਸ ਨੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਨੇ ਖੁਦ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਮੈਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਂਗਾ ਤਾਂ ਮੈਂ ਇਸ ਆਜ਼ਾਦ ਸੂਬੇ ਦਾ ਪਹਿਲਾ ਪ੍ਰਧਾਨ ਮੰਤਰੀ ਬਣਾਂਗਾ। ਕੇਜਰੀਵਾਲ ਨੂੰ ਵੀ ਵੱਖਵਾਦੀਆਂ ਦੀ ਮਦਦ ਲੈਣ ਵਿੱਚ ਕੋਈ ਝਿਜਕ ਨਹੀਂ ਹੈ। ਵਿਸ਼ਵਾਸ ਨੇ ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ ਵੀ ਦਿੱਤੀ ਸੀ।
ਇਸ ਮਾਮਲੇ ਤੇ ਆਪ ਆਗੂ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕਰਦਿਆਂ ਲਿਖਿਆ, ਮੈਨੂੰ ਇਹ ਦੇਖ ਕੇ ਬੜੀ ਹੈਰਾਨੀ ਹੋ ਰਹੀ ਹੈ ਕਿ ਸਾਰੇ ਕਾਂਗਰਸੀ ਇੱਕ ਭਾਜਪਾ ਦੇ ਨੇਤਾ ਕੁਮਾਰ ਵਿਸ਼ਵਾਸ ਦੇ ਬਚਾਅ ਵਿੱਚ ਖੜ੍ਹ ਗਏ ਹਨ। ਆਖਰ ਕਾਂਗਰਸੀਆਂ ਨੂੰ ਭਾਜਪਾ ਨੇਤਾਵਾਂ ਨਾਲ ਇੰਨਾ ਪਿਆਰ ਕਦੋਂ ਤੋਂ ਜਾਗ ਗਿਆ ? ਪੰਜਾਬ ਪੁਲਿਸ ਤੇ ਭਰੋਸਾ ਰੱਖੋ। ਪੰਜਾਬ ਪੁਲਿਸ ਨੂੰ ਆਪਣਾ ਕੰਮ ਕਿਉਂ ਨਹੀਂ ਕਰਨ ਦੇ ਰਹੇ?

ਉਥੇ ਹੀ ਆਪ ਦੇ ਸਪੋਕਸਪਰਸਨ ਨੀਲ ਗਰਗ ਨੇ ਟਵੀਟ ਕਰਦਿਆਂ ਲਿਖਿਆ ਕਿ ‘ਆਮ ਆਦਮੀ ਪਾਰਟੀ ਦੀ ਸਰਕਾਰ ਪੁਲਿਸ ਦੇ ਕੰਮ ‘ਚ ਦਖਲਅੰਦਾਜ਼ੀ ਨਹੀਂ ਕਰਦੀ’




