ਬਰਨਾਲਾ : ਬਰਨਾਲਾ ਦੇ ਯੂਨੀਵਰਸਿਟੀ ਕਾਲਜ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਕਾਂਸਟੀਚਿਊਐਂਟ ਕਾਲਜਾਂ ਦੇ ਅਧਿਆਪਕਾਂ ਨੇ ਲਾਮਬੰਦ ਹੋ ਕੇ ਕਾਲਜ ਪ੍ਰਸ਼ਾਸਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਇਹ ਰੋਸ ਪ੍ਰਦਰਸ਼ਨ ਪਿਛਲੇ 13 ਸਾਲਾਂ ਤੋਂ ਕੰਟਰੈਕਟ ਆਧਾਰ ‘ਤੇ ਸੇਵਾਵਾਂ ਨਿਭਾਅ ਰਹੀ ਸਹਾਇਕ ਪ੍ਰੋਫੈਸਰ ਡਾ. ਹਰਪ੍ਰੀਤ ਕੌਰ ਰੂਬੀ ਨਾਲ ਕਥਿਤ ਤੌਰ ‘ਤੇ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਕੀਤਾ ਗਿਆ। ਸੋਮਵਾਰ ਨੂੰ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਕਾਲਜ ਕੈਂਪਸ ਵਿੱਚ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ।
ਅਧਿਆਪਕਾਂ ਵਿੱਚ ਭਾਰੀ ਰੋਸ
ਧਰਨਾਕਾਰੀ ਅਧਿਆਪਕਾਂ ਦਾ ਦੋਸ਼ ਹੈ ਕਿ ਕਾਲਜ ਇੰਚਾਰਜ ਵੱਲੋਂ ਡਾ. ਰੂਬੀ ਦਾ ਪੱਖ ਸੁਣੇ ਬਿਨਾਂ ਹੀ ਉਨ੍ਹਾਂ ਦੀ ਇੱਕ ਮਹੀਨੇ ਦੀ ਤਨਖ਼ਾਹ ਰੋਕ ਲਈ ਗਈ ਹੈ। ਪੀੜਤ ਅਧਿਆਪਕਾ ਡਾ. ਹਰਪ੍ਰੀਤ ਕੌਰ ਰੂਬੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਅਤੇ ਡਾਇਰੈਕਟਰ ਪ੍ਰੋਫੈਸਰ ਅਮਰਿੰਦਰ ਸਿੰਘ ਨਾਲ ਕਈ ਵਾਰ ਮੁਲਾਕਾਤ ਕੀਤੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਦੇ ਬਾਵਜੂਦ ਕਾਲਜ ਇੰਚਾਰਜ ਮਸਲੇ ਨੂੰ ਹੱਲ ਕਰਨ ਦੀ ਬਜਾਏ ਜਾਣਬੁੱਝ ਕੇ ਲਟਕਾ ਰਹੇ ਹਨ।
ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਸੰਘਰਸ਼ ਦੀ ਅਗਲੀ ਰਣਨੀਤੀ ਤੈਅ
ਧਰਨੇ ਦੀ ਅਗਵਾਈ ਕਰ ਰਹੇ ਸਹਾਇਕ ਪ੍ਰੋਫੈਸਰ ਡਾ. ਤਰਨਜੀਤ ਕੌਰ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾਇਰੈਕਟਰ ਦਫ਼ਤਰ ਤੋਂ ਫ਼ੋਨ ਆਇਆ ਹੈ, ਜਿਸ ਵਿੱਚ ਭਰੋਸਾ ਦਿੱਤਾ ਗਿਆ ਹੈ ਕਿ ਭਲਕੇ (ਮੰਗਲਵਾਰ) ਤੱਕ ਇਸ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ। ਇਸ ਭਰੋਸੇ ਤੋਂ ਬਾਅਦ ਅਧਿਆਪਕਾਂ ਨੇ ਫੈਸਲਾ ਕੀਤਾ ਹੈ ਕਿ ਉਹ ਭਲਕੇ ਯੂਨੀਵਰਸਿਟੀ ਪਟਿਆਲਾ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣਗੇ।
ਇਨਸਾਫ਼ ਨਾ ਮਿਲਣ ‘ਤੇ ਤਿੱਖੇ ਅੰਦੋਲਨ ਦੀ ਚੇਤਾਵਨੀ
ਅਧਿਆਪਕ ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਭਲਕੇ ਹੋਣ ਵਾਲੀ ਬੈਠਕ ਵਿੱਚ ਡਾ. ਰੂਬੀ ਨੂੰ ਇਨਸਾਫ਼ ਨਾ ਮਿਲਿਆ ਅਤੇ ਰੋਕੀ ਗਈ ਤਨਖ਼ਾਹ ਜਾਰੀ ਨਾ ਕੀਤੀ ਗਈ, ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਧਿਆਪਕਾਂ ਦਾ ਮਾਨਸਿਕ ਸ਼ੋਸ਼ਣ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਨਵਦੀਪ ਸ਼ਰਮਾ, ਸਤੀਸ਼ ਕੁਮਾਰ ਅਤੇ ਵਿਭਾ ਅਗਰਵਾਲ ਸਮੇਤ ਹੋਰ ਕਈ ਅਧਿਆਪਕ ਮੌਜੂਦ ਸਨ।

