Suicide Case : ਥਾਣੇ ‘ਚ ਸ਼ਿਕਾਇਤਕਰਤਾ ਨੇ ਆਪ ਨੂੰ ਲਗਾਈ ਅੱਗ, ਹੋਈ ਮੌਤ; ਪੁਲਿਸ ਦੀ ਕਾਰਜਸ਼ੈਲੀ ‘ਤੇ ਉੱਠੇ ਗੰਭੀਰ ਸਵਾਲ

ਖੰਨਾ : ਖੰਨਾ ਥਾਣਾ ਦੇ ਅੰਦਰ ਇੱਕ ਬੇਹੱਦ ਰੂਹ-ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇਨਸਾਫ਼ ਦੀ ਆਸ ਲੈ ਕੇ ਪਹੁੰਚੇ ਇੱਕ ਸ਼ਿਕਾਇਤਕਰਤਾ ਨੇ ਥਾਣੇ ਦੇ…

ਖੰਨਾ ਥਾਣਾ ਦੇ ਅੰਦਰ ਇੱਕ ਬੇਹੱਦ ਰੂਹ-ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇਨਸਾਫ਼ ਦੀ ਆਸ ਲੈ ਕੇ ਪਹੁੰਚੇ ਇੱਕ ਸ਼ਿਕਾਇਤਕਰਤਾ ਨੇ ਥਾਣੇ ਦੇ ਬਾਥਰੂਮ

ਖੰਨਾ : ਖੰਨਾ ਥਾਣਾ ਦੇ ਅੰਦਰ ਇੱਕ ਬੇਹੱਦ ਰੂਹ-ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇਨਸਾਫ਼ ਦੀ ਆਸ ਲੈ ਕੇ ਪਹੁੰਚੇ ਇੱਕ ਸ਼ਿਕਾਇਤਕਰਤਾ ਨੇ ਥਾਣੇ ਦੇ ਬਾਥਰੂਮ ਵਿੱਚ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਗਾ ਲਈ। ਇਸ ਘਟਨਾ ਵਿੱਚ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਈਸ਼ਰ ਨਗਰ (ਲੁਧਿਆਣਾ) ਦੇ ਰਹਿਣ ਵਾਲੇ 45 ਸਾਲਾ ਗੋਬਿੰਦ ਸਿੰਘ ਵਜੋਂ ਹੋਈ ਹੈ, ਜੋ ਦਵਾਈਆਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ। ਘਟਨਾ ਤੋਂ ਬਾਅਦ ਹਰਕਤ ‘ਚ ਆਈ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਇਸ ਸੁਸਤ ਰਵੱਈਏ ਨੇ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ‘ਤੇ ਗੰਭੀਰ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।

73 ਹਜ਼ਾਰ ਦੀ ਠੱਗੀ ਅਤੇ ਧਮਕੀਆਂ ਤੋਂ ਪਰੇਸ਼ਾਨ ਸੀ ਪੀੜਤ

ਜਾਣਕਾਰੀ ਅਨੁਸਾਰ ਕਾਰੋਬਾਰੀ ਨੁਕਸਾਨ ਅਤੇ ਵਿੱਤੀ ਮੰਦੀ ਕਾਰਨ ਗੋਬਿੰਦ ਸਿੰਘ ਖੰਨਾ ਦੇ ਲਲਹੇੜੀ ਰੋਡ ‘ਤੇ ਰਹਿਣ ਵਾਲੇ ਚਰਨ ਦਾਸ ਨਾਮਕ ਵਿਅਕਤੀ ਦੇ ਸੰਪਰਕ ਵਿੱਚ ਆਇਆ ਸੀ, ਜੋ ਖੁਦ ਨੂੰ ਬਾਬਾ ਦੱਸ ਕੇ ਸਮੱਸਿਆਵਾਂ ਹੱਲ ਕਰਨ ਦੇ ਦਾਅਵੇ ਕਰਦਾ ਸੀ। ਠੱਗੀ ਦਾ ਸ਼ਿਕਾਰ ਬਣਾਉਂਦਿਆਂ ਚਰਨ ਦਾਸ ਨੇ ਉਸ ਤੋਂ 73 ਹਜ਼ਾਰ ਰੁਪਏ ਲਏ। ਜਦੋਂ ਕੋਈ ਸੁਧਾਰ ਨਾ ਹੋਇਆ ਤਾਂ ਪੈਸੇ ਵਾਪਸ ਮੰਗਣ ‘ਤੇ ਉਸ ਨੂੰ ਸਿਰਫ਼ 20 ਹਜ਼ਾਰ ਰੁਪਏ ਮੋੜੇ ਗਏ। ਬਾਕੀ 53 ਹਜ਼ਾਰ ਰੁਪਏ ਦੇਣ ਦੀ ਬਜਾਏ ਚਰਨ ਦਾਸ ਅਤੇ ਉਸ ਦੇ ਸਾਥੀਆਂ—ਮੱਖਣ ਸਿੰਘ, ਜੁਗਰਾਜ ਸਿੰਘ ਜਿੰਮੀ ਅਤੇ ਇੰਦਰਪ੍ਰੀਤ ਸਿੰਘ ਇਸ਼ੂ ਵੱਲੋਂ ਉਸ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਥਾਣੇ ਦੇ ਬਾਥਰੂਮ ‘ਚ ਚੁੱਕਿਆ ਖ਼ੌਫ਼ਨਾਕ ਕਦਮ

ਗੋਬਿੰਦ ਸਿੰਘ ਨੇ ਇਸ ਸਬੰਧੀ ਪਹਿਲਾਂ ਵੀ ਥਾਣਾ ਸਿਟੀ-1 ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਉਸ ਨੇ ਆਪਣੀ ਜਾਨ ਨੂੰ ਖ਼ਤਰਾ ਹੋਣ ਦੀ ਗੱਲ ਵੀ ਆਖੀ ਸੀ। ਸੋਮਵਾਰ ਨੂੰ ਉਹ ਮੁੜ ਸੁਣਵਾਈ ਲਈ ਥਾਣੇ ਪਹੁੰਚਿਆ, ਪਰ ਸੁਣਵਾਈ ‘ਚ ਦੇਰੀ ਹੁੰਦੀ ਦੇਖ ਉਹ ਥਾਣੇ ਦੇ ਬਾਥਰੂਮ ‘ਚ ਚਲਾ ਗਿਆ। ਕਾਫ਼ੀ ਸਮਾਂ ਬਾਹਰ ਨਾ ਆਉਣ ‘ਤੇ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਹ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ ਅਤੇ ਮੌਕੇ ‘ਤੇ ਹੀ ਦਮ ਤੋੜ ਗਿਆ।

ਲੋਕਾਂ ਦਾ ਸਵਾਲ ਹੈ ਕਿ ਜੇਕਰ ਪੁਲਿਸ ਨੇ ਪਹਿਲਾਂ ਦਿੱਤੀ ਸ਼ਿਕਾਇਤ ‘ਤੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ, ਤਾਂ ਇਹ ਜਾਨ ਬਚਾਈ ਜਾ ਸਕਦੀ ਸੀ। ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਇੱਕ ਵਿਅਕਤੀ ਥਾਣੇ ਦੇ ਅੰਦਰ ਪੈਟਰੋਲ ਲੈ ਕੇ ਕਿਵੇਂ ਦਾਖ਼ਲ ਹੋ ਗਿਆ ਅਤੇ ਅਜਿਹਾ ਖ਼ੌਫ਼ਨਾਕ ਕਦਮ ਚੁੱਕਣ ਤੱਕ ਪੁਲਿਸ ਨੂੰ ਭਣਕ ਤੱਕ ਨਹੀਂ ਲੱਗੀ।

ਮੈਜਿਸਟਰੇਟੀ ਜਾਂਚ ਦੇ ਹੁਕਮ

ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਪੂਰੇ ਮਾਮਲੇ ਦੀ ਮੈਜਿਸਟਰੇਟੀ ਜਾਂਚ ਦੇ ਨਿਰਦੇਸ਼ ਦਿੱਤੇ। ਪੁਲਿਸ ਨੇ ਮ੍ਰਿਤਕ ਦੀ ਪੁਰਾਣੀ ਸ਼ਿਕਾਇਤ ਦੇ ਆਧਾਰ ‘ਤੇ ਚਰਨ ਦਾਸ ਅਤੇ ਉਸ ਦੇ ਤਿੰਨਾਂ ਸਾਥੀਆਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਾਮਲੇ ਸਬੰਧੀ ਡੀ.ਐਸ.ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਘਟਨਾ ਦੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 ਸੰਤ ਸੀਚੇਵਾਲ ਦੇ ਯਤਨ ਰੰਗ ਲਿਆਏ: ਸੁਲਤਾਨਪੁਰ ਲੋਧੀ ਦੇ ਰੇਲਵੇ ਅੰਡਰਬ੍ਰਿਜਾਂ ‘ਤੇ ਕਵਰ ਸ਼ੈੱਡ ਬਣਾਉਣ ਦਾ ਕੰਮ ਸ਼ੁਰੂ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *