ਚੰਡੀਗੜ੍ਹ: ਪੰਜਾਬ ਸਰਕਾਰ ਨੂੰ ਇਕ ਸਾਲ ਪੂਰਾ ਹੋਣ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੱਤੀ। ਸੀਐੱਮ ਭਗਵੰਤ ਮਾਨ ਨੇ ਪਿਛਲੇ ਇਕ ਸਾਲ ਵਿਚ ਸਰਕਾਰ ਦੀਆਂ ਸਾਰੀਆਂ ਗਾਰੰਟੀਆਂ ਅਤੇ ਪ੍ਰਾਪਤੀਆਂ ਨੂੰ ਸੂਚੀਬੱਧ ਕੀਤਾ ਹੈ। ਉਨ੍ਹਾਂ ਨੇ ਕਿਹ ਹੈ ਕਿ ਪੰਜਾਬ ਦੀ ਖੁਸ਼ਹਾਲੀ ਲਈ ਉਹ ਦਿਨ-ਰਾਤ ਕੰਮ ਕਰਦੇ ਰਹਿਣਗੇ।
ਨੌਜਵਾਨਾਂ ਨੂੰ ਰੁਜ਼ਗਾਰ
ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਕ ਸਾਲ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 26778 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸਾਡੀ ਸਰਕਾਰ ਦਾ ਪਹਿਲਾ ਫਰਜ਼ ਹੈ।
ਮੁਫ਼ਤ ਬਿਜਲੀ ਦੀ ਸਹੂਲਤ
ਦੂਜੀ ਗਾਰੰਟੀ ਵਿੱਚ ਜ਼ੀਰੋ ਬਿਜਲੀ ਬਿੱਲ ਦਾ ਟੀਚਾ ਪੂਰਾ ਕੀਤਾ ਗਿਆ। ਲਗਭਗ 87 ਫੀਸਦੀ ਪਰਿਵਾਰਾਂ ਨੂੰ 600 ਯੂਨਿਟ ਮੁਫਤ ਬਿਜਲੀ ਦਿੱਤੀ ਗਈ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਪੂਰਾ ਕੀਤਾ। ਆਊਟਸੋਰਸ ਮੁਲਾਜ਼ਮਾਂ ਨੂੰ ਵੀ ਕਾਨੂੰਨੀ ਅੜਚਨਾਂ ਨੂੰ ਦੂਰ ਕਰਕੇ ਜਲਦੀ ਪੱਕੇ ਕਰਨ ਲਈ ਕਿਹਾ ਗਿਆ।
ਸਿੱਖਿਆ, ਸਿਹਤ, ਖੇਤੀਬਾੜੀ ਅਤੇ ਹੋਰ ਪ੍ਰਾਪਤੀਆਂ ਗਿਣੀਆਂ ਗਈਆਂ
ਸੀਐੱਮ ਮਾਨ ਨੇ ਕਿਹਾ ਕਿ ਕੋਰਲ ‘ਤੇ ਐਮਐਸਪੀ ਦਿੱਤੀ ਗਈ, ਕਣਕ ਦੀ ਸਿੱਧੀ ਬਿਜਾਈ ਲਈ 1500 ਰੁਪਏ ਦਿੱਤੇ ਗਏ, ਗੰਨੇ ਲਈ 392 ਕਰੋੜ ਦਿੱਤੇ ਗਏ। ਇੱਕ ਸਾਲ ਵਿੱਚ 300 ਮੁਹੱਲਾ ਕਲੀਨਿਕ ਚਲਾਏ ਗਏ, ਜਿੱਥੇ 15 ਲੱਖ ਲੋਕਾਂ ਨੇ ਇਨ੍ਹਾਂ ਦਾ ਲਾਭ ਲਿਆ। ਮਾਨ ਨੇ ਕਿਹਾ ਕਿ ਉੱਘੇ ਸਕੂਲ ਸ਼ੁਰੂ ਕੀਤੇ ਜਾ ਰਹੇ ਹਨ। ਇਸ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਯੋਗਤਾ ਅਤੇ ਰੁਚੀ ਅਨੁਸਾਰ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਿਆ ਜਾਵੇਗਾ। ਮਜ਼ਦੂਰਾਂ ਲਈ ਘੱਟੋ-ਘੱਟ ਉਜਰਤ ਦਾ ਵਾਅਦਾ ਪੂਰਾ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ‘ਆਪ’ ਨੇ ਇਨਸਾਫ਼ ਮਿਲਣ ਦੀ ਗਾਰੰਟੀ ਦਿੱਤੀ ਸੀ। ਇਸ ਨੂੰ ਪੂਰਾ ਕਰਦੇ ਹੋਏ ਐਸਆਈਟੀ ਵੱਲੋਂ 7000 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਹੈ।
ਭ੍ਰਿਸ਼ਟਾਚਾਰ ਉੱਤੇ ਸ਼ਿਕੰਜਾ
ਸੀਐਮ ਮਾਨ ਨੇ ਕਿਹਾ ਕਿ ਸਰਕਾਰ ਦੇ ਨਵੇਂ ਸਾਲ ਵਿੱਚ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ। ਸੂਬੇ ਵਿੱਚ ਵੱਡੇ ਉਦਯੋਗ ਲੱਗ ਰਹੇ ਹਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਨਸ਼ਿਆਂ ਖਿਲਾਫ ਵੱਡੀ ਮੁਹਿੰਮ ਵਿੱਢੀ ਗਈ ਹੈ, ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ। ਸਰਕਾਰ ਬਣਦਿਆਂ ਹੀ ਭ੍ਰਿਸ਼ਟਾਚਾਰ ਵਿਰੁੱਧ ਸ਼ਿਕੰਜਾ ਕੱਸਿਆ ਗਿਆ। ਭ੍ਰਿਸ਼ਟਾਚਾਰ ਦੇ ਦੋਸ਼ੀ ਮੰਤਰੀ ਅਤੇ ਅਧਿਕਾਰੀ ਜੇਲ੍ਹਾਂ ਵਿੱਚ ਹਨ। ਮਾਨ ਨੇ ਕਿਹਾ ਕਿ ‘ਆਪ’ ਨੇ ਆਪਣੀ ਸਰਕਾਰ ਦੇ ਮੰਤਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ।



