ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਰਾਜਧਾਨੀ ਦਿੱਲੀ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੰਭੀਰ ਨਜ਼ਰ ਆ ਰਹੇ ਹਨ। ਕੇਜਰੀਵਾਲ ਨੇ ਕੋਰੋਨਾ ਨਾਲ ਨਜਿੱਠਣ ਲਈ ਹੁਣ 5T ਪਲਾਨ ਤਿਆਰ ਕੀਤਾ ਹੈ ਜਿਸ ਵਿਚ ਟੈਸਟਿੰਗ, ਟ੍ਰੇਸਿੰਗ, ਟਰੀਟਮੈਂਟ, ਟੀਮ ਵਰਕ ਅਤੇ ਟ੍ਰੈਕਿੰਗ ਐਂਡ ਮੋਨੀਟਰਿੰਗ(ਨਿਗਰਾਨੀ) ਸ਼ਾਮਲ ਹੈ। ਕੇਜਰੀਵਾਲ ਨੇ ਵੀਡੀਓ ਸੰਦੇਸ਼ ਜਾਰੀ ਕਰ ਕਿਹਾ ਹੈ ਕਿ ਸਾਨੂੰ ਕੋਰੋਨਾ ਤੋਂ ਤਿੰਨ ਕਦਮ ਅੱਗ ਤੁਰਨਾ ਪੈਣਾ ਹੈ ਜੇਕਰ ਸੌਦੇ ਰਹੇ ਤਾਂ ਇਹ ਕੰਟਰੋਲ ਨਹੀਂ ਹੋ ਪਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਫਿਲਹਾਲ 525 ਕੋਰੋਨਾ ਦੇ ਮਰੀਜ਼ ਹਨ ਜੇਕਰ ਇਹ ਮਰੀਜ਼ 30 ਹਜ਼ਾਰ ਵੀ ਹੋ ਜਾਂਦੇ ਹਨ ਤਾਂ ਵੀ ਸਰਕਾਰ ਇਸ ਲਈ ਤਿਆਰ ਹੈ।
ਕੀ ਹਨ ਕੇਜਰੀਵਾਲ ਦਾ 5T ਪਲਾਨ
ਟੈਸਟਿੰਗ –ਕੇਜਰੀਵਾਲ ਨੇ ਦੱਸਿਆ ਕਿ ਉਹ ਵੱਡੇ ਪੱਧਰ ਉੱਤੇ ਦਿੱਲੀ ਵਿਚ ਟੈਸਟਿੰਗ ਕਰਨਗੇ ਜਿਸ ਲਈ ਉਨ੍ਹਾਂ ਨੇ 50 ਹਜ਼ਾਰ ਲੋਕਾਂ ਦੇ ਟੈਸਟ ਲਈ ਕਿੱਟਾਂ ਦਾ ਆਰਡਰ ਕੀਤਾ ਹੋਇਆ ਹੈ ਜੋ ਕਿ ਆਉਣੇ ਸ਼ੁਰੂ ਹੋ ਚੁੱਕੇ ਹਨ ਇਸ ਤੋਂ ਇਲਾਵਾ ਇੱਕ ਲੱਖ ਲੋਕਾਂ ਦੇ ਰੈਪਿੰਡ ਟੈਸਟ ਲਈ ਵੀ ਆਰਡਰ ਕੀਤਾ ਹੋਇਆ ਹੈ ਜਿਸ ਦੀ ਡਿਲਵਰੀ ਸ਼ੁੱਕਰਵਾਰ ਤੋਂ ਸ਼ੁਰੂ ਹੋ ਜਾਵੇਗੀ। ਇਹ ਟੈਸਟ ਮਰਕਜ਼ ਅਤੇ ਦਿਲਸ਼ਾਦ ਗਾਰਡਨ ਵਰਗੇ ਹਾਟਸਪਾਟ ਇਲਾਕਿਆਂ ਵਿਚ ਹੋਣਗੇ।
ਟ੍ਰੇਸਿੰਗ- ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਕੋਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ ਲੋਕਾਂ ਦੀ ਟ੍ਰੇਸਿੰਗ ਦਾ ਕੰਮ ਪਹਿਲਾ ਹੀ ਚੰਗੀ ਸਥਿਤੀ ਵਿਚ ਚੱਲ ਰਿਹਾ ਹੈ ਅਤੇ ਹੁਣ ਇਸ ਲਈ ਪੁਲਿਸ ਦੀ ਮਦਦ ਲਈ ਵੀ ਲਈ ਜਾ ਰਹੀ ਹੈ ਜਿਸ ਲਈ ਸਰਕਾਰ ਨੇ ਪੁਲਿਸ ਨੂੰ ਹੁਣ ਤੱਕ 27,202 ਲੋਕਾਂ ਦੇ ਫੋਨ ਨੰਬਰ ਦਿੱਤੇ ਹਨ ਅਤੇ ਟ੍ਰੇਸ ਕਰਕੇ ਇਹ ਪਤਾ ਲਗਾਉਣ ਲਈ ਕਿਹਾ ਹੈ ਕਿ ਉਹ ਡਾਕਟਰਾਂ ਦੇ ਕਹੇ ਮੁਤਾਬਕ ਸੈਲਫ ਆਈਸੋਲੇਟ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਮਰਕਜ ਤੋਂ ਨਿਕਲਣ ਵਾਲੇ 2 ਹਜ਼ਾਰ ਲੋਕਾਂ ਦੇ ਫੋਨ ਨੰਬਰ ਵੀ ਪੁਲਿਸ ਨੂੰ ਦਿੱਤੇ ਜਾਣਗੇ।
ਟਰ੍ਰੀਟਮੈਂਟ (ਇਲਾਜ) ਕੇਜਰੀਵਾਲ ਨੇ ਕਿਹਾ ਕਿ ਰਾਜਧਾਨੀ ਦਿੱਲੀ ਵਿਚ ਹੁਣ ਤੱਕ 525 ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਅਤੇ ਸਰਕਾਰ ਨੇ ਪਹਿਲਾਂ ਹੀ 30 ਹਜ਼ਾਰ ਬੈੱਡ ਕੋਰੋਨਾ ਦੇ ਮਰੀਜ਼ਾਂ ਲਈ ਤਿਆਰ ਕਰ ਦਿੱਤੇ ਹਨ ਕੇਜਰੀਵਾਲ ਮੁਤਾਬਕ ਐਲਐਨਜੇਪੀ, ਜੀਪੀ ਪੰਤ, ਰਾਜੀਵ ਗਾਂਧੀ ਸੁਪਰ ਸਪੈਸ਼ਿਲਟੀ ਹਸਪਤਾਲ ਨੂੰ ਕੋਰੋਨਾ ਹਸਪਤਾਲ ਐਲਾਨ ਦਿੱਤਾ ਗਿਆ ਹੈ ਅਤੇ ਇਨ੍ਹਾਂ ਵਿਚ ਕੇਵਲ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਹੋਵੇਗਾ ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲ ਦੇ 400 ਬੈਡ ਵੀ ਰਿਜ਼ਰਵ ਕਰ ਲਏ ਗਏ ਹਨ।
ਟੀਮ ਵਰਕ- ਕੇਜਰੀਵਾਲ ਨੇ ਦੱਸਿਆ ਹੈ ਕਿ ਕੋਰੋਨਾ ਨੂੰ ਇੱਕਲੇ ਠੀਕ ਨਹੀਂ ਕੀਤਾ ਜਾ ਸਕਦਾ ਜਿਸ ਲਈ ਕੇਂਦਰ ਤੇ ਸੂਬੇ ਮਿਲ ਕੇ ਕੰਮ ਕਰ ਰਹੇ ਹਨ ਜੋ ਕਿ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਨੂੰ ਇਕ-ਦੂਜੇ ਤੋਂ ਸਿੱਖਣਾ ਹੈ ਕਿ ਉੱਥੇ ਕੀ ਵਧੀਆ ਕੰਮ ਹੋ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਡਾਕਟਰ ਅਤੇ ਨਰਸ ਇਸ ਲੜਾਈ ਵਿਚ ਸੱਭ ਤੋਂ ਮਹੱਤਵਪੂਰਨ ਹਨ।
ਟ੍ਰੈਕਿੰਗ ਐਂਡ ਮਾਨੀਟਰਿੰਗ(ਨਿਗਰਾਨੀ)- ਕੇਜਰੀਵਾਲ ਨੇ ਦੱਸਿਆ ਕਿ ਜੋ ਸਰਕਾਰ ਨੇ ਪਲਾਨ ਬਣਾਇਆ ਹੈ ਉਹ ਸਹੀ ਚੱਲ ਰਿਹਾ ਹੈ ਜਾ ਨਹੀਂ ਇਸ ਦੀ ਨਿਗਰਾਨੀ ਕਰਨਾ ਮੇਰੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀ ਕੋਰੋਨਾ ਤੋਂ ਤਿੰਨ ਕਦਮ ਅੱਗੇ ਰਹੇ ਤਾਂ ਕੋਰੋਨਾ ਵਿਰੁੱਧ ਲੜਾਈ ਜਰੂਰ ਜਿੱਤਾਂਗੇ।

