ਆਪਰੇਸ਼ਨ ਲੋਟਸ ਦੇ ਦਾਅਵੇ ਹਕੀਕਤ ‘ਚ ਬਦਲੇ, ਹੁਣ ਕਾਨੂੰਨੀ ਕਾਰਵਾਈ ਸ਼ੁਰੂ ਕਰੇ ‘ਆਪ’ : ਬਾਜਵਾ

ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਆਪਰੇਸ਼ਨ ਲੋਟਸ ਸਬੰਧੀ ਕੀਤੇ ਜਾਂਦੇ ਦਾਅਵੇ ਸਹੀ ਕਰਾਰ…

ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਆਪਰੇਸ਼ਨ ਲੋਟਸ ਸਬੰਧੀ ਕੀਤੇ ਜਾਂਦੇ ਦਾਅਵੇ ਸਹੀ ਕਰਾਰ ਦਿੱਤੇ ਹਨ। ਇਸ ਤੋਂ ਇਲਾਵਾ, ਬਾਜਵਾ ਨੇ ‘ਆਪ’ ਸਰਕਾਰ ਨੂੰ ਚੁਣੌਤੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੰਮਾ ਸਮਾਂ ਹੋ ਗਿਆ, ਆਪਰੇਸ਼ਨ ਲੋਟਸ ਬਾਰੇ ਰੋਲਾ ਪਾਉਂਦੇ ਹਨ, ਹੁਣ ‘ਆਪ ਸਰਕਾਰ’ ਕਾਨੂੰਨੀ ਕਾਰਵਾਈ ਕਰੇ, ਕਿਉਂਕਿ ਹੁਣ ਆਪਰੇਸ਼ਨ ਲੋਟਸ ਬਾਰੇ ਉਸ ਦੇ ਦਾਅਵੇ ਸਹੀ ਸਾਬਤ ਹੋਏ ਹਨ।
ਉਨ੍ਹਾਂ ਕਿਹਾ ਕਿ ‘ਆਪ’ ਸਤੰਬਰ 2022 ਤੋਂ ਆਪਰੇਸ਼ਨ ਲੋਟਸ ਬਾਰੇ ਰੋ ਰਹੀ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਦੱਸਣ ਕਿ 18 ਮਹੀਨਿਆਂ ਮਗਰੋਂ ਵੀ ਇਸ ਗੰਭੀਰ ਮੁੱਦੇ ‘ਤੇ ਜਾਂਚ ਪੂਰੀ ਕਿਉਂ ਨਹੀਂ ਹੋਈ। ਉਨ੍ਹਾਂ ਇਸ ਮੁੱਦੇ ਉਤੇ ਜਾਂਚ ਕਰਵਾਉਣ ਦੀ ਗੱਲ ਕੀਤੀ। 
ਬਾਜਵਾ ਨੇ ਆਪ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆ ਕਿਹਾ ਕਿ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਵੀ ਪਹਿਲਾਂ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ 20 ਤੋਂ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਹਾਲ ਹੀ ਵਿੱਚ ਉਹ ‘ਭਗਵਾ’ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸ ਦਾ ਇਕੋ ਮਤਲਬ ਹੈ ਕਿ ਉਨ੍ਹਾਂ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ। 
ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਅਜੇ ਵੀ ਆਪਰੇਸ਼ਨ ਲੋਟਸ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਬਾਜਵਾ ਨੇ ਕਿਹਾ ਕਿ ਭਾਵੇਂ ਉਹ ਜਾਣਦੀ ਸੀ ਕਿ ਪਾਰਟੀ ਅੰਦਰ ਕੀ ਹੋ ਰਿਹਾ ਹੈ ਪਰ ‘ਆਪ’ ਕੋਈ ਕਾਰਵਾਈ ਕਰਨ ‘ਚ ਅਸਫ਼ਲ ਰਹੀ, ਜਿਸ ਨਾਲ ਉਸ ਦੇ ਅੰਦਰੂਨੀ ਇਰਾਦੇ ਸਾਬਤ ਹੁੰਦੇ ਹਨ।
ਬਾਜਵਾ ਨੇ ਭਗਵੰਤ ਮਾਨ ਉਤੇ ਸਿਆਸੀ ਤੀਰ ਛੱਡਦਿਆਂ ਕਿਹਾ ਕਿ ਹੁਣ ਭਗਵੰਤ ਮਾਨ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਨੂੰ ਗੱਦਾਰ ਕਹਿ ਰਹੇ ਹਨ। ਕੀ ਸੁਸ਼ੀਲ ਕੁਮਾਰ ਰਿੰਕੂ ਉਦੋਂ ਗੱਦਾਰ ਨਹੀਂ ਸੀ ਜਦੋਂ ਉਹ ਪਿਛਲੇ ਸਾਲ ਕਾਂਗਰਸ ਛੱਡ ਕੇ ‘ਆਪ’ ਵਿਚ ਸ਼ਾਮਲ ਹੋਇਆ ਸੀ ?

Leave a Reply

Your email address will not be published. Required fields are marked *