ਨਵੀਂ ਦਿੱਲੀ (ਇੰਟ.)- ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ ਅਤੇ ਸਾਰੇ ਦੇਸ਼ਾਂ ਵਿਚ ਵੈਕਸੀਨੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਸਾਰੇ ਦੇਸ਼ ਆਪੋ-ਆਪਣੀ ਸਹੂਲਤ ਮੁਤਾਬਕ ਵੱਖ-ਵੱਖ ਕੰਪਨੀਆਂ ਦੀ ਵੈਕਸੀਨ ਦੀ ਵਰਤੋਂ ਕਰ ਰਹੇ ਹਨ। ਯੂ.ਏ.ਈ. ਨੇ ਚੀਨ ਨਾਲ ਆਪਣੇ ਸਬੰਧਾਂ ਦੇ ਮੱਦੇਨਜ਼ਰ ਉਸ ਦੀ ਕੋਰੋਨਾ ਵੈਕਸੀਨ ਸਾਈਨੋਫਾਰਮ ਲਗਵਾਉਣੀ ਸ਼ੁਰੂ ਕਰ ਦਿੱਤੀ ਸੀ। ਪਰ ਇਹ ਦਾਅ ਹੁਣ ਉਲਟਾ ਪੈਂਦਾ ਜਾਪਦਾ ਹੈ। ਚੀਨੀ ਵੈਕਸੀਨ ਦੀਆਂ ਦੋ-ਦੋ ਡੋਜ਼ ਲਗਵਾਉਣ ਤੋਂ ਬਾਅਦ ਵੀ ਲੋਕਾਂ ਵਿਚ ਐਂਟੀਬਾਡੀਜ਼ ਨਹੀਂ ਬਣ ਰਹੇ ਹਨ। ਹੁਣ ਇਸ ਦਾ ਤੀਜਾ ਡੋਜ਼ ਲਗਾਉਣ ਦੀ ਗੱਲ ਚੱਲ ਰਹੀ ਹੈ।
ਯੂ.ਏ.ਈ. ਦੀ ਨੈਸ਼ਨਲ ਐਮਰਜੈਂਸੀ ਕ੍ਰਾਈਸਿਸ ਐਂਡ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਦੂਜੀ ਡੋਜ਼ ਲੱਗ ਚੁੱਕੀ ਹੈ, ਉਨ੍ਹਾਂ ਲਈ ਇਕ ਹੋਰ ਸਹਾਇਕ ਡੋਜ਼ ਮੌਜੂਦ ਹੈ ਪਰ ਮੀਡੀਆ ਰਿਪੋਰਟ ਮੁਤਾਬਕ, ਯੂ.ਏ.ਈ. ਵਿਚ ਤੀਜੀ ਡੋਜ਼ ਅਜਿਹੇ ਲੋਕਾਂ ਨੂੰ ਲਗਾਈ ਜਾ ਰਹੀ ਹੈ, ਜਿਨ੍ਹਾਂ ਅੰਦਰ ਚੀਨੀ ਵੈਕਸੀਨ ਲਗਾਉਣ ਤੋਂ ਬਾਅਦ ਐਂਟੀਬਾਡੀ ਨਹੀਂ ਪੈਦਾ ਹੋਈ। ਯੂ.ਏ.ਈ. ਵਿਚ ਹੁਣ ਤੱਕ ਤਕਰੀਬਨ 1 ਕਰੋੜ 15 ਲੱਖ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਲਗਾਈ ਜਾ ਚੁੱਕੀ ਹੈ।
ਕੋਰੋਨਾ ਵਾਇਰਸ ਦੇ ਜਨਮਦਾਤਾ ਚੀਨ ਨੇ ਕੋਰੋਨਾ ਨਾਲ ਨਜਿੱਠਣ ਲਈ ਖੁਦ ਦੀ ਵੈਕਸੀਨ ਬਣਾਈ ਪਰ ਇਸ ‘ਤੇ ਕੋਰੋਨਾ ਖਿਲਾਫ ਅਸਰਦਾਰ ਹੋਣ ਨੂੰ ਲੈ ਕੇ ਸਵਾਲ ਉਠਣ ਲੱਗੇ ਹਨ। ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਤੀਜੇ ਡੋਜ਼ ਦੀ ਵਰਤੋਂ ਇਸ ਦਾ ਤਾਜ਼ਾ ਨਮੂਨਾ ਹੈ। ਵੈਸੇ ਤੁਹਾਨੂੰ ਦੱਸ ਦਈਏ ਕਿ ਚੀਨੀ ਕੰਪਨੀ ਸਾਈਨੋਫਾਰਮਾ ਨੂੰ ਡਬਲਿਊ.ਐੱਚ.ਓ. ਦੀ ਪੂਰੀ ਹਮਾਇਤ ਪ੍ਰਾਪਤ ਹੈ। ਡਬਲਿਊ.ਐੱਚ.ਓ. ਨੇ ਦਾਅਵਾ ਕੀਤਾ ਹੈ ਕਿ ਇਸ ਵੈਕਸੀਨ ਦੀ ਸਮਰੱਥਾ ਹਰ ਉਮਰ ਦੇ ਲੋਕਾਂ ‘ਤੇ ਤਕਰੀਬਨ 79 ਫੀਸਦੀ ਹੈ।
