ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਕੋਰੋਨਾ ਵਾਇਰਸ ਨੇ ਦੁਨੀਆਂ ਭਰ ‘ਚ 8 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲਈ ਹੈ ਜਦਕਿ 2 ਲੱਖ ਤੋਂ ਜਿਆਦਾ ਲੋਕ ਇਸ ਮਹਾਮਾਰੀ ਨਾਲ ਪੀੜਤ ਹਨ ਜਿਸ ਦਾ ਜਿੰਮੇਵਾਰ ਹੁਣ ਅਮਰੀਕੀ ਰਾਸ਼ਟਰਪਤੀ ਨੇ ਚੀਨ ਨੂੰ ਠਹਿਰਾ ਦਿੱਤਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਅੰਦਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਇਹ ਸੱਪਸ਼ਟ ਹੈ ਕਿ ਕੋਰੋਨਾ ਵਾਇਰਸ ਲਈ ਚੀਨ ਹੀ ਜਿੰਮੇਵਾਰ ਹੈ ਕਿਉਂਕਿ ਜੇਕਰ ਚੀਨ ਇਸ ਮਹਾਮਾਰੀ ਬਾਰੇ ਪਹਿਲਾਂ ਹੀ ਦੁਨੀਆਂ ਨੂੰ ਸਾਵਧਾਨ ਕਰ ਦਿੰਦਾ ਅਤੇ ਇਕ ਖੇਤਰ ਵਿਚ ਰੋਕ ਲੈਂਦਾ ਤਾਂ ਪੂਰੇ ਵਿਸ਼ਵ ਵਿਚ ਅਜਿਹੀ ਤਬਾਹੀ ਨਹੀਂ ਮੱਚਣੀ ਸੀ। ਦਰਅਸਲ ਦੁਨੀਆ ਦਾ ਸੱਭ ਤੋਂ ਤਾਕਤਵਰ ਦੇਸ਼ ਮੰਨਿਆ ਜਾਣ ਵਾਲਾ ਅਮਰੀਕਾ ਵੀ ਕੋਰੋਨਾ ਵਾਇਰਸ ਅੱਗੇ ਨਰਮ ਪੈਦਾ ਵਿਖਾਈ ਦੇ ਰਿਹਾ ਹੈ। ਕੋਰੋਨਾ ਵਾਇਰਸ ਨੇ ਪੂਰੇ ਦੇਸ਼ ਵਿਚ 200 ਤੋਂ ਵੱਧ ਅਮਰੀਕੀਆਂ ਦੀ ਜਾਨ ਲੈ ਲਈ ਹੈ ਅਤੇ ਇਸ ਵਾਇਰਸ ਦੇ 13 ਹਜਾਰ ਤੋਂ ਜਿਆਦਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਜਿਸ ਕਰਕੇ ਅਮਰੀਕਾ ਨੇ ਪਹਿਲਾਂ ਹੀ ਉੱਥੇ ਰਾਸ਼ਟਰੀ ਐਮਰਜੈਂਸੀ ਐਲਾਨੀ ਹੋਈ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਪਿਛਲੇ ਸਾਲ ਦੇ ਆਖਰ ਵਿਚ ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਹੋਈ ਸੀ ਜਿਸ ਤੋਂ ਬਾਅਦ ਇਸ ਨੇ ਪੂਰੀ ਦੁਨੀਆ ਵਿਚ ਪੈਰ ਪਸਾਰ ਲਏ ਹਨ। ਕੋਰੋਨਾ ਵਾਇਰਸ ਚੀਨ ਵਿਚ ਹੁਣ ਤੱਕ ਲਗਭਗ 3300 ਲੋਕਾਂ ਦੀ ਜਾਨ ਲੈ ਚੁੱਕਿਆ ਹੈ ਜਦਕਿ 80 ਹਜਾਰ ਤੋਂ ਵੱਧ ਲੋਕ ਇਸ ਬੀਮਾਰੀ ਨਾਲ ਪੀੜਤ ਹਨ। ਕਾਬਲੇਗੌਰ ਹੈ ਕਿ ਚੀਨ ਦੀ ਸਰਕਾਰ ਉੱਤੇ ਪਹਿਲਾਂ ਵੀ ਇਸ ਮਹਾਮਾਰੀ ਬਾਰੇ ਦੁਨੀਆ ਤੋਂ ਛਿਪਾਉਣ ਦੇ ਆਰੋਪ ਲੱਗਦੇ ਰਹੇ ਹਨ ਜਿਸ ਨੂੰ ਚੀਨ ਹਮੇਸ਼ਾ ਨਕਾਰਦਾ ਆਇਆ ਹੈ।


