ਪਟਿਆਲਾ: ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਪਟਿਆਲਾ ਤੋਂ ਸ਼ਰਧਾਲੂਆਂ ਨਾਲ ਭਰੀਆਂ ਬੱਸਾਂ ਦਾ ਇੱਕ ਵੱਡਾ ਜਥਾ ਧਾਰਮਿਕ ਅਸਥਾਨਾਂ ਲਈ ਰਵਾਨਾ ਕੀਤਾ ਗਿਆ ਹੈ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਨੇ ਵਿਸ਼ੇਸ਼ ਤੌਰ ਉੱਤੇ ਪਹੁੰਚ ਕੇ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਗਏ ਸ਼ਰਧਾਲੂ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਪਟਿਆਲਾ ਤੋਂ ਸ਼ਰਧਾਲੂਆਂ ਨੂੰ ਮਥੁਰਾ-ਬ੍ਰਿੰਦਾਵਨ, ਖਾਟੂ ਸ਼ਾਮ, ਸਾਲਾਸਰ ਬਾਲਾ ਜੀ, ਹਰਿਦੁਆਰ ਅਤੇ ਰਿਸ਼ੀਕੇਸ਼ ਵਰਗੇ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਟਿਆਲਾ ਸ਼ਹਿਰ ਤੋਂ ਲਗਭਗ 85 ਬੱਸਾਂ ਜ਼ਰੀਏ ਤਕਰੀਬਨ 3500 ਸ਼ਰਧਾਲੂ ਇਸ ਮੁਫ਼ਤ ਤੀਰਥ ਯਾਤਰਾ ਦਾ ਲਾਭ ਉਠਾ ਚੁੱਕੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਸ ਲੋਕ-ਪੱਖੀ ਯੋਜਨਾ ਦੀ ਭਰਪੂਰ ਸ਼ਲਾਘਾ ਕੀਤੀ।
ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ
ਪਟਿਆਲਾ ਵਿੱਚ ਜ਼ਮੀਨੀ ਵਿਵਾਦਾਂ ਅਤੇ ਹੋਰ ਸਿਆਸੀ ਬਦਲਾਅ ਬਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਵਿਧਾਇਕ ਨੇ ਕਿਹਾ ਕਿ ਪਾਰਟੀਆਂ ਵਿੱਚ ਅਹੁਦਿਆਂ ਦਾ ਬਦਲਣਾ ਸੰਗਠਨਾਤਮਕ ਨੀਤੀ ਦਾ ਹਿੱਸਾ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਵਿੱਚ ਮੰਦਿਰ-ਮਸਜਿਦ ਵਿਵਾਦ ਉੱਤੇ ਬੋਲਦਿਆਂ ਸਭ ਨੂੰ ਅਪੀਲ ਕੀਤੀ ਕਿ ਸਾਨੂੰ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਰੱਖਣੀ ਚਾਹੀਦੀ ਹੈ ਅਤੇ ਅਮਨ-ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਫਗਵਾੜਾ ਵਿੱਚ ਵੱਡਾ ਹਾਦਸਾ ਟਲਿਆ: ਮੋਟਰਸਾਈਕਲ ਤੋਂ ਘਬਰਾ ਕੇ ਟਰੱਕ ਹੇਠਾਂ ਵੜੀ ਐਕਟੀਵਾ, ਦੋ ਬੱਚੇ ਜ਼ਖ਼ਮੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



