ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਮੁੱਖ ਮੰਤਰੀ ਮਾਨ ਆਪਣੇ ਇੱਕ ਵਿਵਾਦਤ ਬਿਆਨ ਦੇ ਸਬੰਧ ਵਿੱਚ ਜਥੇਦਾਰ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਅੱਜ ਆਪਣਾ ਪੱਖ ਰੱਖਣ ਲਈ ਪਹੁੰਚੇ ਹਨ। ਮਾਨ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਕਿਸੇ ਵੀ ਵੀ.ਆਈ.ਪੀ. ਪ੍ਰੋਟੋਕੋਲ ਤੋਂ ਬਿਨਾਂ, ਇੱਕ ਨਿਮਾਣੇ ਸਿੱਖ ਵਜੋਂ ਸਵੇਰੇ 10 ਵਜੇ ਨੰਗੇ ਪੈਰੀਂ ਗੁਰੂ ਘਰ ਹਾਜ਼ਰ ਹੋਣਗੇ। ਇਸ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਸੰਗਤ ਵਿੱਚ ਭਾਰੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।
ਕੀ ਸੀ ਪੂਰਾ ਵਿਵਾਦ?
ਇਸ ਸਾਰੇ ਵਿਵਾਦ ਦੀ ਜੜ੍ਹ 27 ਦਸੰਬਰ 2025 ਦੀ ਉਸ ਘਟਨਾ ਨਾਲ ਜੁੜੀ ਹੋਈ ਹੈ, ਜਦੋਂ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਗੁਰਦਾਸਪੁਰ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਸ਼ਬਦ ਕੀਰਤਨ ਕੀਤਾ ਸੀ। ਜੱਸੀ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਇਸ ਵੀਡੀਓ ‘ਤੇ ਅਗਲੇ ਹੀ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖ਼ਤ ਇਤਰਾਜ਼ ਜਤਾਇਆ। ਜਥੇਦਾਰ ਦਾ ਤਰਕ ਸੀ ਕਿ ਜਸਬੀਰ ਜੱਸੀ ‘ਪੂਰਨ ਸਿੱਖ’ ਦੀ ਮਰਯਾਦਾ ‘ਤੇ ਖ਼ਰੇ ਨਹੀਂ ਉਤਰਦੇ, ਇਸ ਲਈ ਉਹਨਾਂ ਨੂੰ ਸ਼ਬਦ ਗਾਇਨ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ।
ਮੁੱਖ ਮੰਤਰੀ ਦਾ ਬਿਆਨ ਅਤੇ ਅਕਾਲ ਤਖ਼ਤ ਦੀ ਨਾਰਾਜ਼ਗੀ
ਇਸ ਮੁੱਦੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ 29 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਤਿੱਖੀ ਟਿੱਪਣੀ ਕੀਤੀ ਸੀ। ਭਗਵੰਤ ਮਾਨ ਨੇ ਕਿਹਾ ਸੀ ਕਿ ਜੇਕਰ ‘ਸਹਿਜਧਾਰੀ ਸਿੱਖਾਂ’ ਨੂੰ ਸ਼ਬਦ ਗਾਇਨ ਕਰਨ ਤੋਂ ਰੋਕਿਆ ਜਾਂਦਾ ਹੈ, ਤਾਂ ਫਿਰ ਉਹਨਾਂ ਨੂੰ ਗੁਰੂ ਘਰ ਮੱਥਾ ਟੇਕਣ ਅਤੇ ਗੋਲਕ ਵਿੱਚ ਮਾਇਆ ਪਾਉਣ ਤੋਂ ਵੀ ਰੋਕ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਦੇ ਇਸ ਬਿਆਨ ਨੂੰ ਸਿੱਖ ਮਰਯਾਦਾ ਅਤੇ ਸੰਸਥਾ ਦੀ ਤੌਹੀਨ ਮੰਨਦੇ ਹੋਏ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ। ਅੱਜ ਮੁੱਖ ਮੰਤਰੀ ਮਾਨ ਵੱਲੋਂ ਦਿੱਤੇ ਜਾਣ ਵਾਲੇ ਸਪੱਸ਼ਟੀਕਰਨ ਅਤੇ ਪੰਜ ਸਿੰਘ ਸਾਹਿਬਾਨ ਦੇ ਫੈਸਲੇ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/chief-minister-bhagwant-mann-will-appear-at-akal-takht-sahib-today-at-12-am/



