ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਸੈਕਟਰ-36 ਇਲਾਕੇ ਤੋਂ ਇੱਕ ਬੇਹੱਦ ਖੌਫਨਾਕ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ‘ਚ ਇੱਕ 23 ਸਾਲਾ ਲੜਕੀ ਸੁਹਾਨੀ ਦਾ ਉਸ ਦੇ ਹੀ ਇੱਕ ਜਾਣਕਾਰ ਨੌਜਵਾਨ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸੁਹਾਨੀ ਦੇ ਗਲੇ ‘ਤੇ ਚਾਕੂ ਨਾਲ ਵਾਰ ਕੀਤਾ ਗਿਆ ਸੀ। ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਦੀ ਪਛਾਣ ਵਿਨੈ ਵਜੋਂ ਕੀਤੀ ਹੈ। ਉਸ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
“ਮੰਮੀ, ਵਿਨੈ ਨੇ ਮੈਨੂੰ ਚਾਕੂ ਮਾਰਿਆ, ਮੈਨੂੰ ਬਚਾਓ…”
ਕਤਲ ਦੀ ਇਹ ਘਟਨਾ ਇੰਨੀ ਦਰਦਨਾਕ ਸੀ ਕਿ ਜ਼ਖਮੀ ਹਾਲਤ ਵਿੱਚ ਸੁਹਾਨੀ ਨੇ ਆਪਣੀ ਮਾਂ ਨੂੰ ਫੋਨ ਕੀਤਾ। ਉਸ ਦੇ ਆਖਰੀ ਸ਼ਬਦ ਸਨ, “ਮੰਮੀ, ਵਿਨੈ ਨੇ ਮੈਨੂੰ ਚਾਕੂ ਮਾਰਿਆ ਹੈ… ਮੈਨੂੰ ਬਚਾਓ।” ਪਰਿਵਾਰ ਵੱਲੋਂ ਤੁਰੰਤ ਮੌਕੇ ‘ਤੇ ਪਹੁੰਚ ਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਜ਼ਖਮ ਇੰਨਾ ਗਹਿਰਾ ਸੀ ਕਿ ਸੁਹਾਨੀ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ।
ਖੁਸ਼ੀਆਂ ਵਾਲੇ ਘਰ ਵਿੱਚ ਪਸਰਿਆ ਮਾਤਮ
ਸੁਹਾਨੀ ਦੀ ਮੌਤ ਨਾਲ ਪਰਿਵਾਰ ਦੀਆਂ ਖੁਸ਼ੀਆਂ ਉਜੜ ਗਈਆਂ ਹਨ। ਜਾਣਕਾਰੀ ਅਨੁਸਾਰ ਸੁਹਾਨੀ ਦਾ ਵਿਆਹ ਸੈਕਟਰ-56 ਦੇ ਰਹਿਣ ਵਾਲੇ ਲੜਕੇ ਨਾਲ ਤੈਅ ਹੋਇਆ ਸੀ। ਜੂਨ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਐਤਵਾਰ ਨੂੰ ਹੀ ਸੁਹਾਨੀ ਆਪਣੇ ਹੋਣ ਵਾਲੇ ਪਤੀ ਨਾਲ ਝਾਮਪੁਰ ਸਥਿਤ ਆਪਣੇ ਨਵੇਂ ਬਣ ਰਹੇ ਘਰ ਨੂੰ ਦੇਖਣ ਗਈ ਸੀ। ਜਿਸਦਾ ਨੀਂਹ ਪੱਥਰ ਸੋਮਵਾਰ ਨੂੰ ਰੱਖਿਆ ਜਾਣਾ ਸੀ।
ਇਸ ਸਮੇਂ ਨਿਕਲੀ ਸੀ ਬਾਹਰ
ਐਤਵਾਰ ਦੀ ਰਾਤ ਸੁਹਾਨੀ ਦੇ ਹੋਣ ਵਾਲੇ ਪਤੀ ਨੇ ਰਾਤ ਦੇ ਖਾਣੇ ਲਈ ਉਸ ਦੇ ਘਰ ਆਉਣਾ ਸੀ। ਸੁਹਾਨੀ ਬੜੇ ਚਾਅ ਨਾਲ ਰਾਹੁਲ ਲਈ ਉਸ ਦੀ ਮਨਪਸੰਦ ਬਿਰਿਆਨੀ ਤਿਆਰ ਕਰ ਰਹੀ ਸੀ। ਇਸ ਦੌਰਾਨ ਉਹ ਚਾਕਲੇਟ ਖਰੀਦਣ ਦਾ ਬਹਾਨਾ ਬਣਾ ਕੇ ਘਰੋਂ ਨਿਕਲੀ, ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਉਹ ਵਾਪਸ ਨਹੀਂ ਪਰਤੇਗੀ। ਰਸਤੇ ਵਿੱਚ ਵਿਨੈ ਨੇ ਉਸ ਨੂੰ ਘੇਰ ਲਿਆ ਅਤੇ ਮੌਤ ਦੇ ਘਾਟ ਉਤਾਰ ਦਿੱਤਾ।
ਪੁਲਿਸ ਦੀ ਕਾਰਵਾਈ ਤੇ ਮੁਲਜ਼ਮ ਦੀ ਭਾਲ
ਚੰਡੀਗੜ੍ਹ ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਵਿਨੈ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੀਆਂ ਕਈ ਟੀਮਾਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਵਿਨੈ ਨੇ ਇਸ ਵਾਰਦਾਤ ਨੂੰ ਕਿਸ ਰੰਜਿਸ਼ ਤਹਿਤ ਅੰਜਾਮ ਦਿੱਤਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Malaika Arora ਫਿਰ ਬਣੀ ਸੁਰਖੀਆ ਦਾ ਵਿਸ਼ਾ, Rumor Boyfriend ਨਾਲ ਰੋਮ ਦੀਆਂ ਵਾਦੀਆ ਦਾ ਲੁਤਫ ਲੈਂਦੀ ਆਈ ਨਜ਼ਰ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



