ਮੋਗਾ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸ਼ਾਨਦਾਰ ਕਪਤਾਨ ਹਰਮਨਪ੍ਰੀਤ ਕੌਰ ਦੀਆਂ ਉਪਲਬਧੀਆਂ ਦੀ ਸੂਚੀ ਵਿੱਚ ਇੱਕ ਹੋਰ ਸੁਨਹਿਰਾ ਪੰਨਾ ਜੁੜ ਗਿਆ ਹੈ। ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਦੇਸ਼ ਦੇ ਚੌਥੇ ਸਰਵਉੱਚ ਨਾਗਰਿਕ ਸਨਮਾਨ ‘ਪਦਮ ਸ਼੍ਰੀ’ ਨਾਲ ਨਿਵਾਜ਼ਣ ਦੇ ਐਲਾਨ ਤੋਂ ਬਾਅਦ ਜਿੱਥੇ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਹਰਮਨਪ੍ਰੀਤ ਦੇ ਜੱਦੀ ਘਰ ਮੋਗਾ ਵਿੱਚ ਜਸ਼ਨ ਦਾ ਮਾਹੌਲ ਹੈ। ਇਸ ਮਾਣਮੱਤੀ ਪ੍ਰਾਪਤੀ ‘ਤੇ ਹਰਮਨਪ੍ਰੀਤ ਦੇ ਪਿਤਾ ਹਰਿਮੰਦਰ ਸਿੰਘ ਦੀਆਂ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਭਰ ਆਈਆਂ।
ਵਰਲਡ ਕੱਪ ਤੋਂ ਪਦਮ ਸ਼੍ਰੀ ਤੱਕ: ਪਿਤਾ ਨੇ ਯਾਦ ਕੀਤਾ ਸੰਘਰਸ਼ਮਈ ਸਫ਼ਰ
ਹਰਮਨਪ੍ਰੀਤ ਦੇ ਪਿਤਾ ਹਰਿਮੰਦਰ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਇਹ ਸਫ਼ਰ ਇੰਨਾ ਆਸਾਨ ਨਹੀਂ ਸੀ। ਉਨ੍ਹਾਂ ਉਹ ਦਿਨ ਯਾਦ ਕੀਤੇ ਜਦੋਂ ਹਰਮਨਪ੍ਰੀਤ ਮੁੰਡਿਆਂ ਨਾਲ ਮੈਦਾਨ ਵਿੱਚ ਖੇਡਦੀ ਸੀ ਅਤੇ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਦੀ ਸੀ। ਉਨ੍ਹਾਂ ਕਿਹਾ, “ਪਹਿਲਾਂ ਬੇਟੀ ਨੇ ਕਪਤਾਨ ਵਜੋਂ ਵਰਲਡ ਕੱਪ ਜਿੱਤ ਕੇ ਦੇਸ਼ ਦਾ ਸਿਰ ਉੱਚਾ ਕੀਤਾ, ਫਿਰ ਨਿਊ ਚੰਡੀਗੜ੍ਹ ਸਟੇਡੀਅਮ ਵਿੱਚ ਉਸਦੇ ਨਾਂ ‘ਤੇ ਸਟੈਂਡ ਬਣਾਇਆ ਗਿਆ ਅਤੇ ਹੁਣ ‘ਪਦਮ ਸ਼੍ਰੀ’ ਮਿਲਣਾ ਸਾਡੇ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ। ਮੈਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਮੇਰੀ ਧੀ ਇੰਨਾ ਵੱਡਾ ਮੁਕਾਮ ਹਾਸਿਲ ਕਰੇਗੀ।”
ਵਧਾਈਆਂ ਦਾ ਲੱਗਿਆ ਤਾਂਤਾ, ਧੀਆਂ ਲਈ ਬਣੀ ਮਿਸਾਲ
ਪਦਮ ਸ਼੍ਰੀ ਦੀ ਖ਼ਬਰ ਮਿਲਦਿਆਂ ਹੀ ਹਰਮਨਪ੍ਰੀਤ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗ ਗਈ ਹੈ। ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਹਰਿਮੰਦਰ ਸਿੰਘ ਨੇ ਸਮਾਜ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਅੱਜ ਹਰਮਨਪ੍ਰੀਤ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਧੀਆਂ ਨੂੰ ਮੌਕਾ ਦਿੱਤਾ ਜਾਵੇ, ਤਾਂ ਉਹ ਅਸਮਾਨ ਨੂੰ ਛੂਹ ਸਕਦੀਆਂ ਹਨ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਧੀਆਂ ਕਿਸੇ ਵੀ ਪੱਖੋਂ ਪੁੱਤਾਂ ਤੋਂ ਘੱਟ ਨਹੀਂ ਹੁੰਦੀਆਂ ਅਤੇ ਹਰਮਨਪ੍ਰੀਤ ਦੀ ਇਹ ਕਾਮਯਾਬੀ ਅਣਗਿਣਤ ਕੁੜੀਆਂ ਲਈ ਪ੍ਰੇਰਨਾ ਸਰੋਤ ਬਣੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਪੁੱਤ ਦੇ ਵਿਛੋੜੇ ਦਾ ਦੁੱਖ ਨਾ ਸਹਾਰ ਸਕੀ ਮਾਂ: Jaswinder Bhalla ਤੋਂ ਬਾਅਦ ਮਾਤਾ ਸਤਵੰਤ ਕੌਰ ਨੇ ਤੋੜਿਆ ਦਮ ਵੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।
https://www.youtube.com/live/gxNSxWe1RO8?si=t9E5jG318JVpMPPl



