ਫਤਿਹਗੜ੍ਹ ਸਾਹਿਬ: ਪੰਜਾਬ ਪੁਲਿਸ ਨੇ ਅੱਜ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਅਧਖੜ ਉਮਰ ਦੀ ਮਹਿਲਾ ਦੇ ‘ਮਨੁੱਖੀ ਬਲੀਦਾਨ’ ਦੀ ਕੋਸ਼ਿਸ਼ ਸਬੰਧੀ ਸਨਸਨੀਖੇਜ਼ ਮਾਮਲੇ ਨੂੰ ਸੁਲਝਾ ਲਿਆ। ਉਕਤ ਮੁਲਜ਼ਮਾਂ ਵੱਲੋਂ ਅਮੀਰ ਬਣਨ ਦੀ ਇੱਛਾ ਰੱਖਦਿਆਂ ਜਾਦੂ-ਟੂਣੇ ਦੇ ਹਿੱਸੇ ਵਜੋਂ ਪੀੜਤ ਮਹਿਲਾ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਬਾਰੇ ਰੋਪੜ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫੜੇ ਗਏ ਦੋਵੇਂ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ ਕੀਪਾ ਅਤੇ ਜਸਵੀਰ ਸਿੰਘ ਉਰਫ ਜੱਸੀ, ਦੋਵੇਂ ਵਾਸੀ ਪਿੰਡ ਫਿਰੋਜ਼ਪੁਰ, ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਜੁਰਮ ਵਿੱਚ ਵਰਤਿਆ ਇੱਕ ਹੀਰੋ ਡੀਲਕਸ ਮੋਟਰਸਾਈਕਲ (ਪੀਬੀ 52ਬੀ 2187) ਅਤੇ ਦਾਤਰੀ ਵੀ ਬਰਾਮਦ ਕੀਤੀ ਹੈ।
ਅਮੀਰ ਬਣਨ ਦੀ ਇੱਛਾ ਕਰਕੇ ਦੇਣਾ ਚਾਹੁੰਦੇ ਸਨ ਬਲੀ
ਮਿਲੀ ਜਾਣਕਾਰੀ ਅਨੁਸਾਰ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਫਰੌਰ ਦੀ ਇੱਕ 50 ਸਾਲਾ ਮਹਿਲਾ ਬਲਵੀਰ ਕੌਰ ਬੁੱਧਵਾਰ ਸਵੇਰੇ ਪਿੰਡ ਫਿਰੋਜ਼ਪੁਰ ਵਿਖੇ ਨਹਿਰ ਦੇ ਨੇੜੇ ਖੇਤਾਂ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਪਈ ਮਿਲੀ ਸੀ। ਪੀੜਤਾ ਹੁਣ ਖਤਰੇ ਤੋਂ ਬਾਹਰ ਹੈ ਅਤੇ ਉਹ ਪੀ.ਜੀ.ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ। ਆਈ.ਜੀ.ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਵੇਂ ਦੋਸ਼ੀ ਸਰਕਸ ਦੇ ਕਲਾਕਾਰ ਸਨ ਅਤੇ ਵੱਖ-ਵੱਖ ਪਿੰਡਾਂ ‘ਚ ਜਾ ਕੇ ਸਾਈਕਲ ਸ਼ੋਅ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੀਪਾ ਅਤੇ ਜੱਸੀ ਦੀ ਮੁਲਾਕਾਤ ਬਲਵੀਰ ਕੌਰ ਨਾਲ ਉਸ ਦੇ ਲੜਕੇ ਧਰਮਪ੍ਰੀਤ ਰਾਹੀਂ ਹੋਈ ਸੀ, ਜਿਸ ਦੀ ਕਰੀਬ ਅੱਠ ਮਹੀਨੇ ਪਹਿਲਾਂ ਪਿੰਡ ਫਰੌਰ ਵਿਖੇ ਸ਼ੋਅ ਦੌਰਾਨ ਇਨ੍ਹਾਂ ਨਾਲ ਦੋਸਤੀ ਹੋਈ ਸੀ।
ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਅਮੀਰ ਬਣਨ ਦੇ ਇੱਛੁਕ ਸਨ ਅਤੇ ਇੱਕ ‘ਤਾਂਤਰਿਕ’ ਦੇ ਸੰਪਰਕ ਵਿੱਚ ਆਏ, ਜਿਸ ਨੇ ਉਨ੍ਹਾਂ ਨੂੰ ਇੱਕ ਔਰਤ ਦਾ ‘ਮਨੁੱਖੀ ਬਲੀਦਾਨ’ ਕਰਨ ਲਈ ਉਕਸਾਇਆ।



