ਫ਼ਰੀਦਕੋਟ:ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਕਾਸਮ ਭੱਟੀ ਦੇ ਮੂਲ ਨਿਵਾਸੀ ਅਤੇ ਮੌਜੂਦਾ ਸਮੇਂ ਕੈਨੇਡਾ ਵਿੱਚ ਰਹਿ ਰਹੇ 49 ਸਾਲਾ ਪਰਵਾਰੋਹੀ ਅਜੇਪਾਲ ਸਿੰਘ ਧਾਲੀਵਾਲ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ (8,848.86 ਮੀਟਰ) ‘ਤੇ ਸਫ਼ਲਤਾਪੂਰਵਕ ਤਿਰੰਗਾ ਅਤੇ ਸਿੱਖੀ ਦੀ ਸ਼ਾਨ ਦਾ ਪ੍ਰਤੀਕ ਲਹਿਰਾ ਕੇ ਇਤਿਹਾਸ ਰਚ ਦਿੱਤਾ ਹੈ। ਉਹ ਮਾਊਂਟ ਐਵਰੇਸਟ ਫ਼ਤਿਹ ਕਰਨ ਵਾਲੇ ਪਹਿਲੇ ‘ਕੈਨੇਡੀਅਨ ਪੰਜਾਬੀ/ਸਿੱਖ’ ਬਣ ਗਏ ਹਨ। ਬੀਤੀ 20 ਮਈ 2026 ਨੂੰ ਇਸ ਅਸੰਭਵ ਕਾਰਨਾਮੇ ਨੂੰ ਅੰਜਾਮ ਦੇਣ ਤੋਂ ਬਾਅਦ ਜਦੋਂ ਉਹ ਆਪਣੇ ਜੱਦੀ ਜ਼ਿਲ੍ਹੇ ਫ਼ਰੀਦਕੋਟ ਪਰਤੇ, ਤਾਂ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਐਵਰੇਸਟ ਦੀ ਚੋਟੀ ‘ਤੇ ਗੁਰਬਾਣੀ ਦਾ ਸੰਦੇਸ਼
ਪੇਸ਼ੇ ਤੋਂ ਬੈਰਿਸਟਰ (ਵਕੀਲ) ਅਤੇ ਕੈਨੇਡਾ ਦੇ ਸਰੀ ਦੇ ਨਿਵਾਸੀ ਅਜੇਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਸੁਪਨੇ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਸਨ। ਪਿਛਲੇ ਸਾਲ ਦੀ ਅਸਫ਼ਲਤਾ ਤੋਂ ਸਬਕ ਲੈਂਦਿਆਂ ਉਨ੍ਹਾਂ ਨੇ ਇਸ ਸਾਲ ਇਹ ਮੁਕਾਮ ਹਾਸਲ ਕੀਤਾ। ਜਦੋਂ ਉਹ ਦੁਨੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਪਹੁੰਚੇ, ਤਾਂ ਉਨ੍ਹਾਂ ਨੇ ਉੱਥੇ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਸ਼ਲੋਕ “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” ਲਿਖਿਆ ਹੋਇਆ ਫਲੈਕਸ ਲਹਿਰਾਇਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।
‘ਡੈੱਥ ਜ਼ੋਨ’ ਵਿੱਚ ਮੌਤ ਦੇ ਮੂੰਹ ‘ਚੋਂ ਨਿਕਲੇ ਬਾਹਰ: ਰੂਹ ਕੰਬਾਊ ਦਾਸਤਾਨ
ਅਜੇਪਾਲ ਸਿੰਘ ਲਈ ਇਹ ਸਫ਼ਰ ਸਿਰਫ਼ ਚੋਟੀ ਨੂੰ ਛੂਹਣ ਦਾ ਨਹੀਂ, ਸਗੋਂ ਮੌਤ ਦੇ ਮੂੰਹ ਵਿੱਚੋਂ ਵਾਪਸ ਪਰਤਣ ਦਾ ਸੀ। ਉਨ੍ਹਾਂ ਦੱਸਿਆ ਕਿ ਐਵਰੇਸਟ ਤੋਂ ਵਾਪਸ ਉਤਰਦੇ ਸਮੇਂ 8,000 ਮੀਟਰ ਦੀ ਉਚਾਈ ‘ਤੇ ਸਥਿਤ ਖ਼ਤਰਨਾਕ ‘ਡੈੱਥ ਜ਼ੋਨ’ ਵਿੱਚ ਸ਼ੇਰਪਾ ਵੱਲੋਂ ਸਾਥ ਛੱਡ ਦੇਣ ਅਤੇ ਆਕਸੀਜਨ ਖ਼ਤਮ ਹੋਣ ਕਾਰਨ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ। ਇਸੇ ਮੁਹਿੰਮ ਦੌਰਾਨ ਉਨ੍ਹਾਂ ਦੇ ਦੋ ਸਾਥੀ ਪਰਵਾਰੋਹੀਆਂ ਦੀ ਮੌਤ ਵੀ ਹੋ ਗਈ।
ਹਾਡ਼ ਚੀਰਵੀਂ ਠੰਢ ਵਿੱਚ ਅਜੇਪਾਲ ਨੇ ਹਿੰਮਤ ਨਹੀਂ ਹਾਰੀ ਅਤੇ ਸੇਫ਼ਟੀ ਬੈਲਟ ਦੇ ਸਹਾਰੇ ਬਰਫ਼ੀਲੀਆਂ ਢਲਾਣਾਂ ਤੋਂ ਤਿਲਕ ਕੇ ਹੇਠਾਂ ਉਤਰਨ ਦਾ ਜੋਖਮ ਭਰਿਆ ਫੈਸਲਾ ਲਿਆ। ਇਸ ਦੌਰਾਨ ਉਹ ਬੇਹੋਸ਼ ਵੀ ਹੋ ਗਏ, ਪਰ ਹੋਸ਼ ਆਉਣ ‘ਤੇ ਉਨ੍ਹਾਂ ਨੇ ਆਪਣੀ ਹੈੱਡਲੈਂਪ ਜਗਾ ਕੇ ਮਦਦ ਲਈ ਸਿਗਨਲ ਦਿੱਤਾ। ਜਿਸ ਤੋਂ ਬਾਅਦ ਮਿੰਗਮਾ ਤੇਂਜਿੰਗ ਸ਼ੇਰਪਾ ਦੀ ਅਗਵਾਈ ਵਾਲੀ ਚਾਰ ਮੈਂਬਰੀ ਬਚਾਅ ਟੀਮ ਨੇ ਉਨ੍ਹਾਂ ਨੂੰ ਦੇਖਿਆ ਅਤੇ ਸਮਾਂ ਰਹਿੰਦੇ ਆਕਸੀਜਨ ਦੇ ਕੇ ਸੁਰੱਖਿਅਤ ਬਚਾਇਆ।
ਪਹਿਲਾਂ ਹੀ ਜਿੱਤ ਚੁੱਕੇ ਹਨ ‘ਆਇਰਨ ਮੈਨ’ ਦਾ ਖ਼ਿਤਾਬ
ਇਸ ਮੌਕੇ ਉਨ੍ਹਾਂ ਦੇ ਚਚੇਰੇ ਭਰਾ ਅਤੇ ਫ਼ਰੀਦਕੋਟ ਜੇਲ੍ਹ ਦੇ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਮਾਣ ਨਾਲ ਦੱਸਿਆ ਕਿ ਅਜੇਪਾਲ ਦੇ ਸਰੀਰ ‘ਤੇ ਮੌਜੂਦ ਜ਼ਖਮ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਬਿਆਨ ਕਰਦੇ ਹਨ। ਉਹ ਇੱਕ ਬਿਹਤਰੀਨ ਮੈਰਾਥਨ ਦੌੜਾਕ ਹੋਣ ਦੇ ਨਾਲ-ਨਾਲ ਦੁਨੀਆ ਦੇ ਕਈ ਹੋਰ ਪ੍ਰਸਿੱਧ ਪਹਾੜ ਵੀ ਫ਼ਤਿਹ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਨਾਮ ‘ਆਇਰਨ ਮੈਨ’ ਦਾ ਵੱਕਾਰੀ ਖ਼ਿਤਾਬ ਵੀ ਦਰਜ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


