ਨਵੀਂ ਦਿੱਲੀ : ਖ਼ਾਲਿਸਤਾਨ ਹਰਦੀਪ ਸਿੰਘ ਨਿੱਝਰ ਕਤਲ ਕਾਂਡ ਨੂੰ ਲੈ ਕੇ ਭਾਰਤ ਤੇ ਕੈਨੇਡਾ ਵਿਚਾਲੇ ਜਾਰੀ ਕੂਟਨੀਤਕ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ। ਭਾਰਤ ਦੇ ਦਬਾਅ ’ਤੇ ਕੈਨੇਡਾ ਨੇ ਆਖ਼ਰ ਆਪਣੇ ਹਾਈ ਕਮਿਸ਼ਨ ਤੋਂ ਡਿਪਲੋਮੈਟਸ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਕੈਨੇਡਾ ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਉਸ ਨੇ ਭਾਰਤ ਸਥਿਤ ਹਾਈ ਕਮਿਸ਼ਨ ਤੋਂ 41 ਰਾਜਨਾਇਕਾਂ ਨੂੰ ਹਟਾ ਦਿੱਤਾ ਹੈ।
ਚੰਡੀਗੜ੍ਹ, ਬੈਂਗਲੁਰੂ ਤੇ ਮੁੰਬਈ ਸਥਿਤ ਕੇਂਦਰਾਂ ’ਚ ਵੀਜ਼ਾ ਸੇਵਾ ਬੰਦ
ਹਾਈ ਕਮਿਸ਼ਨ ਨੇ ਚੰਡੀਗੜ੍ਹ, ਬੈਂਗਲੁਰੂ ਤੇ ਮੁੰਬਈ ਸਥਿਤ ਕੇਂਦਰਾਂ ’ਚ ਵੀਜ਼ਾ ਸੇਵਾ ਬੰਦ ਕਰ ਦਿੱਤੀ ਹੈ। ਭਾਰਤ ’ਚ ਵੀਜ਼ਾ ਦੇਣ ਦਾ ਕੰਮ ਨਵੀਂ ਦਿੱਲੀ ਸਥਿਤ ਹਾਈ ਕਮਿਸ਼ਨ ’ਚ ਹੋਵੇਗਾ। ਇਸ ਐਲਾਨ ਦੇ ਨਾਲ ਹੀ ਕੈਨੇਡਾ ਨੇ ਭਾਰਤ ’ਤੇ ਇਹ ਦੋਸ਼ ਵੀ ਲਾ ਦਿੱਤਾ ਹੈ ਕਿ ਡਿਪਲੋਮੈਟਾਂ ਦੀ ਵਾਪਸੀ ਦੀ ਮੰਗ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ। ਇਸ ਦੇ ਨਾਲ ਹੀ ਕੈਨੇਡਾ ਨੇ ਭਾਰਤ ’ਚ ਆਪਣੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਲਈ ਵੀ ਕਿਹਾ ਹੈ।

