ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਦਿੱਲੀ ਦੇ ਸ਼ਾਹੀਨ ਬਾਗ ਵਿਚ ਜਾਰੀ ਪ੍ਰਦਰਸ਼ਨ ਵਿਚਾਲੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਸੁਰੱਖਿਆ ਵਿਵਸਥਾ ਨੂੰ ਵੀ ਸਖਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਬਾਰੇ ਬਕਾਇਦਾ ਉੱਥੇ ਨੋਟਿਸ ਲਗਾ ਕੇ ਜਾਣਕਾਰੀ ਦਿੱਤੀ ਹੈ ਅਤੇ ਲੋਕਾਂ ਨੂੰ ਸ਼ਾਹੀਨ ਬਾਗ ਵਿਚ ਜਮਾ ਨਾ ਹੋਣ ਲਈ ਕਿਹਾ ਹੈ।
ਨਾਗਰਿਕਤਾ ਸੋਧ ਕਾਨੂੰਨ ਨੂੰ ਵਾਪਸ ਲੈਣ ਅਤੇ ਐਨਆਰਸੀ ਨੂੰ ਲਾਗੂ ਨਾ ਕਰਨ ਨੂੰ ਲੈ ਕੇ ਦਿੱਲੀ ਦੇ ਸ਼ਾਹੀਨ ਬਾਗ ਵਿਚ ਪਿਛਲੇ ਸਾਲ 15 ਦਸੰਬਰ ਤੋਂ ਸ਼ੁਰੂ ਹੋਇਆ ਪ੍ਰਦਰਸ਼ਨ ਅਜੇ ਤੱਕ ਜਾਰੀ ਹੈ। ਇਹ ਪ੍ਰਦਰਸ਼ਨ ਦਿੱਲੀ ਹਿੰਸਾ ਵਿਚਾਲੇ ਵੀ ਚੱਲਦਾ ਰਿਹਾ ਹੈ ਪਰ ਅੱਜ ਐਤਵਾਰ ਸਵੇਰੇ ਦਿੱਲੀ ਪੁਲਿਸ ਨੇ ਇੱਥੇ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਹੈ ਅਤੇ ਧਾਰਾ 144 ਨੂੰ ਲਾਗੂ ਕਰ ਦਿੱਤਾ ਹੈ। ਪੁਲਿਸ ਨੇ ਇੱਥੇ ਨੋਟਿਸ ਲਗਾ ਕੇ ਲੋਕਾਂ ਨੂੰ ਇੱਕਠੇ ਨਾ ਹੋਣ ਅਤੇ ਪ੍ਰਦਰਸ਼ਨ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਿੰਦੂ ਸੈਨਾ ਨੇ ਇੱਥੇ 1 ਮਾਰਚ ਨੂੰ ਸੜਕ ਖਾਲੀ ਕਰਵਾਉਣ ਅਤੇ ਸੀਏਏ ਵਿਰੁੱਧ ਚੱਲ ਰਹੇ ਧਰਨੇ ਨੂੰ ਚਕਾਉਣ ਲਈ ਪ੍ਰਦਰਸ਼ਨ ਕਰਨਾ ਸੀ ਪਰ ਦਿੱਲੀ ਹਿੰਸਾ ਤੋਂ ਬਾਅਦ ਉਸ ਨੇ ਆਪਣਾ ਇਹ ਫੈਸਲਾ ਵਾਪਸ ਲੈ ਲਿਆ। ਫਿਰ ਵੀ ਦਿੱਲੀ ਪੁਲਿਸ ਨੇ ਸਾਵਧਾਨੀ ਦੇ ਤੌਰ ਉੱਤੇ ਇੱਥੇ ਸੁਰੱਖਿਆ ਵਿਵਸਥਾ ਕੜੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਡ੍ਰੋਨ ਰਾਹੀਂ ਵੀ ਹਰ ਗਤੀਵਿੱਧੀ ਉੱਤੇ ਨਜ਼ਰ ਰੱਖੀ ਜਾ ਰਹੀ ਹੈ।
ਦੱਸ ਦਈਏ ਕਿ ਉੱਤਰ-ਪੂਰਬੀ ਦਿੱਲੀ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਸਮੱਰਥਨ ਅਤੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਗੁੱਟਾਂ ਵਿਚਾਲੇ ਆਪਸੀ ਝੜਪ ਨੇ ਹਿੰਸਕ ਰੂਪ ਲੈ ਲਿਆ ਸੀ। ਇਸ ਹਿੰਸਾ ਵਿਚ 40 ਤੋਂ ਵੱਧ ਲੋਕ ਮਾਰੇ ਗਏ ਸਨ ਜਦਕਿ 250 ਤੋਂ ਜਿਆਦਾ ਲੋਕ ਜਖਮੀ ਹੋਏ ਸਨ। ਹਿੰਸਾ ਕਰਨ ਵਾਲਿਆਂ ਨੇ ਲੋਕਾਂ ਦੀਆਂ ਦੁਕਾਨਾਂ, ਘਰ ਅਤੇ ਵਾਹਨਾਂ ਨੂੰ ਸਾੜ ਕੇ ਰਾਖ ਕਰ ਦਿੱਤਾ ਸੀ।



