ਪਟਿਆਲਾ: ਪਟਿਆਲਾ ਦੇ ਦੇਵੀਗੜ੍ਹ ਰੋਡ ‘ਤੇ ਸਥਿਤ ਪ੍ਰੇਮ ਬਾਗ ਪੈਲੇਸ ਦੇ ਸਾਹਮਣੇ ਸੜਕ ‘ਤੇ ਗੁਟਕਾ ਸਾਹਿਬ ਦੇ ਪੰਨੇ ਖਿਲਰੇ ਹੋਏ ਮਿਲਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਸਾਹਮਣੇ ਆਉਂਦਿਆਂ ਹੀ ਇਲਾਕੇ ਵਿੱਚ ਹਲਚਲ ਮੱਚ ਗਈ ਅਤੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ।
ਮਿਲੀ ਜਾਣਕਾਰੀ ਮੁਤਾਬਕ, ਬੀਤੀ ਰਾਤ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇਹ ਪੰਨੇ ਸੜਕ ‘ਤੇ ਖਿਲਾਰ ਦਿੱਤੇ ਗਏ ਸਨ। ਸਵੇਰ ਦੇ ਸਮੇਂ ਜਦੋਂ ਉੱਥੋਂ ਲੰਘ ਰਹੇ ਕੁਝ ਰਾਹਗੀਰਾਂ ਅਤੇ ਸਥਾਨਕ ਲੋਕਾਂ ਦੀ ਨਜ਼ਰ ਇਨ੍ਹਾਂ ਪੰਨਿਆਂ ‘ਤੇ ਪਈ, ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ। ਇਸ ਘਟਨਾ ਨਾਲ ਜੁੜੀ ਇੱਕ ਵੀਡੀਓ ਜਦੋਂ ਫੇਸਬੁੱਕ ‘ਤੇ ਵਾਇਰਲ ਹੋਈ, ਤਾਂ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ।
SGPC ਮੈਂਬਰਾਂ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਪੰਨੇ ਸਤਿਕਾਰ ਸਹਿਤ ਕੀਤੇ ਇਕੱਠੇ
ਸੂਚਨਾ ਮਿਲਦਿਆਂ ਹੀ SGPC ਦੇ ਮੈਂਬਰ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਦੀ ਸਖ਼ਤ ਨਿਗਰਾਨੀ ਹੇਠ SGPC ਮੈਂਬਰਾਂ ਵੱਲੋਂ ਗੁਟਕਾ ਸਾਹਿਬ ਦੇ ਇਨ੍ਹਾਂ ਪੰਨਿਆਂ ਨੂੰ ਪੂਰੇ ਅੰਗ ਅਤੇ ਸਤਿਕਾਰ ਸਹਿਤ ਇਕੱਠਾ ਕੀਤਾ ਗਿਆ। ਇਸ ਤੋਂ ਬਾਅਦ ਇਨ੍ਹਾਂ ਨੂੰ ਪੂਰੇ ਅਦਬ ਨਾਲ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਪਹੁੰਚਾਇਆ ਗਿਆ।
ਆਸ-ਪਾਸ ਦੇ CCTV ਕੈਮਰਿਆਂ ਦੀ ਜਾਂਚ ਸ਼ੁਰੂ
ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਪੰਨੇ ਸੜਕ ‘ਤੇ ਕਿਵੇਂ ਅਤੇ ਕਿਸ ਦੀ ਸਾਜ਼ਿਸ਼ ਤਹਿਤ ਪਹੁੰਚੇ ਹਨ। ਮੌਕੇ ਦੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



