ਨਵੀਂ ਦਿੱਲੀ (ਇੰਟ.)- ਦਿੱਲੀ ਦੇ ਮੋਤੀਨਗਰ ਇਲਾਕੇ ਦੇ ਬਸਈ ਦਾਰਾਪੁਰ ਦੇ ਇਕ ਫਲੈਟ ਵਿਚ ਅੱਜ ਸੜੀ ਗਲੀ ਹਾਲਤ ਵਿਚ ਨੈਸ਼ਨਲ ਕਾਨਫਰੰਸ ਦੇ ਨੇਤਾ ਤ੍ਰਿਲੋਚਨ ਸਿੰਘ ਵਜ਼ੀਰ ਦੀ ਲਾਸ਼ ਮਿਲਣ ਨਾਲ ਸਨਸਨੀ ਮਚ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੋਤੀ ਨਗਰ ਥਾਣੇ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਸਾਬਕਾ ਐੱਮ.ਐੱਲ.ਸੀ., ਮੁੱਖ ਟਰਾਂਸਪੋਰਟਰ ਅਤੇ ਜੰਮੂ-ਕਸ਼ਮੀਰ ਗੁਰਦੁਆਰਾ ਪ੍ਰਬੰਧਕ ਬੋਰਡ ਦੇ ਪ੍ਰਧਾਨ ਰਹੇ ਤ੍ਰਿਲੋਚਨ ਸਿੰਘ 67 ਸਾਲ ਦੇ ਸਨ ਅਤੇ ਉਹ ਦੋ ਸਤੰਬਰ ਨੂੰ ਜੰਮੂ-ਕਸ਼ਮੀਰ ਤੋਂ ਦਿੱਲੀ ਆਏ ਸਨ ਅਤੇ ਤਿੰਨ ਤਾਰੀਖ ਨੂੰ ਕੈਨੇਡਾ ਜਾਣ ਵਾਲੇ ਸਨ।
ਪਰ ਤਿੰਨ ਸਤੰਬਰ ਤੋਂ ਹੀ ਉਨ੍ਹਾਂ ਦੇ ਪਰਿਵਾਰ ਤੋਂ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਸੀ ਜਿਸ ਨਾਲ ਪਰਿਵਾਰ ਕਾਫੀ ਪ੍ਰੇਸ਼ਾਨ ਸੀ। ਅੱਜ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਤ੍ਰਿਲੋਚਨ ਸਿੰਘ ਦੇ ਫਲੈਟ ‘ਤੇ ਪਹੁੰਚੀ। ਉਨ੍ਹਾਂ ਦੀ ਲਾਸ਼ ਇੰਨੀ ਬੁਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀ ਸੀ ਕਿ ਉਸ ਨੂੰ ਪਹਿਚਾਨਣਾ ਵੀ ਮੁਸ਼ਕਲ ਸੀ। ਇਸ ਤੋਂ ਬਾਅਦ ਡਜੰਮੂ ਦੇ ਹੀ ਰਹਿਣ ਵਾਲੇ ਤ੍ਰਿਲੋਚਨ ਸਿਂਘ ਦੇ ਇਕ ਜਾਣਕਾਰ ਨੇ ਉਨ੍ਹਾਂ ਦੀ ਲਾਸ਼ ਦੀ ਪਛਾਣ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ। ਮੌਕੇ ‘ਤੇ ਪੁਲਿਸ ਅਤੇ ਐੱਫ.ਐੱਸ.ਐੱਲ. ਦੋਹਾਂ ਟੀਮਾਂ ਪਹੁੰਚੀਆਂ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਹ ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਦੇ ਕਾਫੀ ਨਜ਼ਦੀਕੀ ਸਨ। ਜੰਮੂ ਦੇ ਮੁੱਖ ਚੋਪੜਾ ਕਤਲਕਾਂਡ ਦੇ ਮਾਮਲੇ ਵਿਚ ਕੁਝ ਸਾਲਾਂ ਤੱਕ ਜੇਲ ਵਿਚ ਰਹੇ ਪਰ ਅਦਾਲਤ ਨੇ ਉਨ੍ਹਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਸੀ।



