ਭਦੌੜ : ਹਲਕਾ ਭਦੌੜ ਦੇ ਅਧੀਨ ਆਉਂਦੇ ਤਪਾ ਮੰਡੀ ਨੇੜਲੀ ਢਿੱਲਵਾਂ ਡਰੇਨ ਕੋਲੋਂ ਇੱਕ 32 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਰਾਜੂ ਸਿੰਘ (ਪੁੱਤਰ ਜੰਟਾ ਸਿੰਘ), ਵਾਸੀ ਪਿੰਡ ਰੱਲਾ (ਮਾਨਸਾ) ਵਜੋਂ ਹੋਈ ਹੈ। ਘਟਨਾ ਸਥਾਨ ਤੋਂ ਮਿਲੀ ਮੈਡੀਕਲ ਸਰਿੰਜ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।
ਮਾਸੂਮ ਧੀ ਸੜਕ ‘ਤੇ ਕਰਦੀ ਰਹੀ ਪਿਓ ਦਾ ਇੰਤਜ਼ਾਰ
ਜਾਣਕਾਰੀ ਅਨੁਸਾਰ, ਰਾਜੂ ਸਿੰਘ ਆਪਣੀ 8 ਸਾਲਾ ਧੀ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਆਪਣੇ ਪਿੰਡ ਰੱਲਾ ਤੋਂ ਸਹੁਰੇ ਪਰਿਵਾਰ ਜਾ ਰਿਹਾ ਸੀ। ਰਸਤੇ ਵਿੱਚ ਢਿੱਲਵਾਂ ਡਰੇਨ ਕੋਲ ਉਸਨੇ ਮੋਟਰਸਾਈਕਲ ਰੋਕਿਆ ਅਤੇ ਆਪਣੀ ਬੱਚੀ ਨੂੰ ਸੜਕ ਕਿਨਾਰੇ ਖੜ੍ਹਾ ਕੇ ਖੁਦ ਡਰੇਨ ਵੱਲ ਚਲਾ ਗਿਆ। ਕਾਫੀ ਦੇਰ ਤੱਕ ਜਦੋਂ ਉਹ ਵਾਪਸ ਨਾ ਆਇਆ, ਤਾਂ ਰਾਹਗੀਰਾਂ ਨੇ ਇੱਕ ਛੋਟੀ ਬੱਚੀ ਨੂੰ ਇਕੱਲੇ ਖੜ੍ਹਾ ਦੇਖ ਕੇ ਪੁੱਛਗਿੱਛ ਕੀਤੀ। ਜਦੋਂ ਜਾਂਚ ਕੀਤੀ ਗਈ ਤਾਂ ਰਾਜੂ ਸਿੰਘ ਦੀ ਲਾਸ਼ ਡਰੇਨ ਕਿਨਾਰੇ ਪਈ ਮਿਲੀ।
ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਮ੍ਰਿਤਕ ਰਾਜੂ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਸਦੀ ਮੌਤ ਨਾਲ ਪਰਿਵਾਰ ਦਾ ਸਹਾਰਾ ਖੁੱਸ ਗਿਆ ਹੈ। ਰਾਜੂ ਆਪਣੇ ਪਿੱਛੇ ਤਿੰਨ ਮਾਸੂਮ ਧੀਆਂ ਛੱਡ ਗਿਆ ਹੈ। ਪਿਤਾ ਦੀ ਮੌਤ ਤੋਂ ਬਾਅਦ ਬੱਚਿਆਂ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਾਲਾਂਕਿ, ਪਿੰਡ ਦੇ ਸਰਪੰਚ ਅਤੇ ਪਰਿਵਾਰ ਨੇ ਮੀਡੀਆ ਸਾਹਮਣੇ ਕੁਝ ਵੀ ਬੋਲਣ ਤੋਂ ਗੁਰੇਜ਼ ਕੀਤਾ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਗੁਰਪ੍ਰੀਤ ਸਿੰਘ ਤਪਾ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਤਪਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਨਸ਼ੇ ਦੀ ਓਵਰਡੋਜ਼ ਦੇ ਸਵਾਲ ‘ਤੇ ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



