ਜਗਰਾਓਂ: ਜਗਰਾਓਂ ਪੁਲਿਸ ਨੇ ਇਲਾਕੇ ਨੂੰ ਅਪਰਾਧ ਮੁਕਤ ਬਣਾਉਣ ਦੀ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਲਗਾਏ ਗਏ ਹਾਈ-ਟੈਕ ਨਾਕੇ ਦੌਰਾਨ ਦੋ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕੈਨੇਡਾ ਬੈਠੇ ਗੈਂਗਸਟਰ ਗੋਪੀ ਲਾਹੌਰੀਆ ਦੇ ਇਸ਼ਾਰੇ ‘ਤੇ ਲੁਧਿਆਣਾ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ।
20-20 ਹਜ਼ਾਰ ਰੁਪਏ ਲਈ ਬਣੇ ਗੈਂਗਸਟਰ ਦੇ ਮੋਹਰੇ
ਐਸ.ਐਸ.ਪੀ. ਜਗਰਾਓਂ, ਡਾ. ਅੰਕੁਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਫੜੇ ਗਏ ਨੌਜਵਾਨ ਨੰਗਲ ਇਲਾਕੇ ਦੇ ਰਹਿਣ ਵਾਲੇ ਹਨ। ਇਹ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਗੈਂਗਸਟਰ ਗੋਪੀ ਲਾਹੌਰੀਆ ਦੇ ਸੰਪਰਕ ਵਿੱਚ ਆਏ ਸਨ। ਗੈਂਗਸਟਰ ਨੇ ਇਨ੍ਹਾਂ ਨੂੰ ਸਿਰਫ 20-20 ਹਜ਼ਾਰ ਰੁਪਏ ਦੇ ਲਾਲਚ ਵਿੱਚ ਲੁਧਿਆਣਾ-ਫਿਰੋਜ਼ਪੁਰ ਹਾਈਵੇਅ ‘ਤੇ ਲੁਕਾ ਕੇ ਰੱਖੇ ਪਿਸਟਲ ਅਤੇ ਮੈਗਜ਼ੀਨ ਚੁੱਕਣ ਦਾ ਕੰਮ ਸੌਂਪਿਆ ਸੀ। ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰਕੇ ਉਨ੍ਹਾਂ ਨੇ ਲੁਧਿਆਣਾ ਵਿੱਚ ਕਿਸੇ ਅਹਿਮ ਵਿਅਕਤੀ ਦਾ ਕਤਲ ਕਰਨਾ ਸੀ।
ਗੈਂਗਸਟਰ ਗੋਪੀ ਲਾਹੌਰੀਆ ਵੀ ਮਾਮਲੇ ‘ਚ ਨਾਮਜ਼ਦ
ਪੁਲਿਸ ਨੇ ਦੋਵਾਂ ਨੌਜਵਾਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਗੈਂਗਸਟਰ ਗੋਪੀ ਲਾਹੌਰੀਆ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਇਨ੍ਹਾਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਗੈਂਗਸਟਰਾਂ ਦੇ ਨੈੱਟਵਰਕ ਨੂੰ ਵੱਡੀ ਸੱਟ ਮਾਰੀ ਜਾ ਸਕੇਗੀ।



