ਬਠਿੰਡਾ : ਬਠਿੰਡਾ ਦੀ ਥਾਣਾ ਕੋਤਵਾਲੀ ਪੁਲਿਸ ਨੇ ਦੇਰ ਰਾਤ ਰੇਲਵੇ ਸਟੇਸ਼ਨ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਰਗਰਮ ਇੱਕ ਖ਼ਤਰਨਾਕ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਦੇਰ ਰਾਤ ਇਕੱਲੇ ਆਉਣ-ਜਾਣ ਵਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਲੁੱਟਦਾ ਸੀ। ਪੁਲਿਸ ਨੇ ਇਸ ਗਿਰੋਹ ਦੇ 7 ਮੈਂਬਰਾਂ ਵਿੱਚੋਂ 5 ਮੁਲਜ਼ਮਾਂ ਨੂੰ ਦਬੋਚ ਲਿਆ ਹੈ। ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਲੁੱਟਿਆ ਹੋਇਆ ਸੋਨਾ ਅਤੇ ਵਾਰਦਾਤ ਵਿੱਚ ਵਰਤੇ ਗਏ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਅਗਰਵਾਲ ਕਲੋਨੀ ਦੇ ਨੌਜਵਾਨ ਨਾਲ ਹੋਈ ਸੀ ਲੁੱਟ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ SHO ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਕਾਰਵਾਈ ਅਗਰਵਾਲ ਕਲੋਨੀ ਦੇ ਰਹਿਣ ਵਾਲੇ ਰੌਬਿਨ ਨਾਮਕ ਨੌਜਵਾਨ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਪੀੜਤ ਰੌਬਿਨ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ 7 ਅਤੇ 8 ਤਾਰੀਖ਼ ਦੀ ਦਰਮਿਆਨੀ ਰਾਤ ਨੂੰ ਉਹ ਰੇਲਵੇ ਸਟੇਸ਼ਨ ‘ਤੇ ਕੁਝ ਸਾਮਾਨ ਲੈਣ ਗਿਆ ਸੀ। ਉੱਥੇ ਕੁਝ ਨੌਜਵਾਨਾਂ ਨੇ ਉਸ ਨੂੰ ਗੱਲਾਂ ਵਿੱਚ ਉਲਝਾਇਆ ਅਤੇ ਪਰਲ ਕੰਪਨੀ ਦੀ ਇੱਕ ਬੰਦ ਪਈ ਸੁਨਸਾਨ ਇਮਾਰਤ ਵਿੱਚ ਲੈ ਗਏ। ਉੱਥੇ ਮੁਲਜ਼ਮਾਂ ਨੇ ਦਾਤਰ ਅਤੇ ਕਿਰਪਾਨ ਵਰਗੇ ਹਥਿਆਰ ਦਿਖਾ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਸੋਨੇ ਦੀ ਚੇਨ ਤੇ ਅੰਗੂਠੀ ਖੋਹ ਕੇ ਫਰਾਰ ਹੋ ਗਏ।
ਪੁਲਿਸ ਦੀ ਮੁਸਤੈਦੀ: ਬੀ.ਐਨ.ਐਸ. ਤਹਿਤ ਮਾਮਲਾ ਦਰਜ ਕਰਕੇ 5 ਦਬੋਚੇ
ਸ਼ਿਕਾਇਤ ਮਿਲਦਿਆਂ ਹੀ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਥਾਣਾ ਕੋਤਵਾਲੀ ਪੁਲਿਸ ਨੇ ਤੁਰੰਤ ਐਕਸ਼ਨ ਲਿਆ। ਪੁਲਿਸ ਨੇ ਪੀਸੀਆਰ ਇੰਚਾਰਜ ਅਤੇ ਏ.ਐਸ.ਆਈ. ਕੌਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਤਿਆਰ ਕਰਕੇ ਛਾਪੇਮਾਰੀ ਕੀਤੀ ਅਤੇ 7 ਵਿੱਚੋਂ 5 ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 310(2), 126(2), 190 ਅਤੇ 191(3) ਤਹਿਤ ਮੁਕੱਦਮਾ ਨੰਬਰ 112 ਦਰਜ ਕੀਤਾ ਹੈ। ਮੁਲਜ਼ਮਾਂ ਕੋਲੋਂ ਖੋਹੀ ਗਈ ਸੋਨੇ ਦੀ ਚੇਨ, ਅੰਗੂਠੀ ਸਮੇਤ ਵਾਰਦਾਤ ਵਿੱਚ ਵਰਤੀ ਗਈ ਕਿਰਪਾਨ, ਦਾਤਰ ਅਤੇ ਬੇਸਬਾਲ ਬੈਟ ਬਰਾਮਦ ਕਰ ਲਏ ਗਏ ਹਨ।
ਹਿਸਟਰੀਸ਼ੀਟਰ ਨਿਕਲੇ ਮੁਲਜ਼ਮ
ਐਸ.ਐਚ.ਓ. ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਦੀ ਪਛਾਣ ਸੂਰਮਾ (ਪੁੱਤਰ ਬਨਵਾਰੀ ਲਾਲ) ਵਜੋਂ ਹੋਈ ਹੈ, ਜੋ ਕਿ ਇੱਕ ਪੇਸ਼ੇਵਰ ਅਪਰਾਧੀ (ਹਿਸਟਰੀਸ਼ੀਟਰ) ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਹੀ 4 ਅਪਰਾਧਿਕ ਮਾਮਲੇ ਦਰਜ ਹਨ। ਇਸੇ ਤਰ੍ਹਾਂ ਕਰਨ ਨਾਮਕ ਦੂਜੇ ਮੁਲਜ਼ਮ ਖ਼ਿਲਾਫ਼ ਵੀ ਪਹਿਲਾਂ ਇੱਕ ਮਾਮਲਾ ਦਰਜ ਹੈ। ਪੁਲਿਸ ਮੁਤਾਬਕ ਇਹ ਲੁਟੇਰੇ ਜ਼ਿਆਦਾਤਰ ਪੰਜਾਬ ਤੋਂ ਬਾਹਰਲੇ ਰਾਜਾਂ ਦੇ ਰਹਿਣ ਵਾਲੇ ਹਨ, ਜੋ ਪਿਛਲੇ ਕੁਝ ਸਮੇਂ ਤੋਂ ਬਠਿੰਡਾ ਦੇ ਰੇਲਵੇ ਸਟੇਸ਼ਨ ਅਤੇ ਸੁਨਸਾਨ ਇਮਾਰਤਾਂ ਨੂੰ ਆਪਣਾ ਟਿਕਾਣਾ ਬਣਾ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।
ਰਿਮਾਂਡ ਦੌਰਾਨ ਹੋਣਗੇ ਕਈ ਹੋਰ ਵੱਡੇ ਖੁਲਾਸੇ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਨਾਜਾਇਜ਼ ਹਥਿਆਰ ਕਿੱਥੋਂ ਲੈ ਕੇ ਆਏ ਸਨ ਅਤੇ ਇਸ ਗਿਰੋਹ ਨੇ ਬਠਿੰਡਾ ਜਾਂ ਆਸ-ਪਾਸ ਦੇ ਇਲਾਕਿਆਂ ਵਿੱਚ ਹੋਰ ਕਿੰਨੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

