ਬਟਾਲਾ : ਬਟਾਲਾ ਪੁਲਿਸ ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ 300 ਗੁੰਮ ਹੋਏ ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਹਨ। ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ‘ਤੁਹਾਡਾ ਗੁੰਮ ਮੋਬਾਇਲ ਫੋਨ ਮਿਲਣ ਦਾ ਮੌਕਾ’ ਤਹਿਤ ਇਹ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਬਰਾਮਦ ਕੀਤੇ ਗਏ ਇਨ੍ਹਾਂ ਫੋਨਾਂ ਦੀ ਬਾਜ਼ਾਰੀ ਕੀਮਤ ਲਗਭਗ 52 ਲੱਖ ਰੁਪਏ ਦੱਸੀ ਜਾ ਰਹੀ ਹੈ।
ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰਕ ਕੇਂਦਰ ਬਟਾਲਾ ਵਿਖੇ ਕਰਵਾਏ ਗਏ 8ਵੇਂ ਸੈਮੀਨਾਰ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਦੀ ਦਿਨ-ਰਾਤ ਦੀ ਅਣਥੱਕ ਮਿਹਨਤ ਸਦਕਾ ਇਨ੍ਹਾਂ ਫੋਨਾਂ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਟਰੇਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਟਾਲਾ ਪੁਲਿਸ ਹੁਣ ਤੱਕ ਕੁੱਲ 1900 ਗੁੰਮ ਹੋਏ ਮੋਬਾਈਲ ਫੋਨ ਲੱਭ ਚੁੱਕੀ ਹੈ, ਜਿਨ੍ਹਾਂ ਦੀ ਕੁੱਲ ਕੀਮਤ ਕਰੀਬ 3 ਕਰੋੜ 50 ਲੱਖ ਰੁਪਏ ਬਣਦੀ ਹੈ।
ਐੱਸ.ਐੱਸ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਮੋਬਾਈਲ ਫੋਨ ਗੁੰਮ ਹੁੰਦਾ ਹੈ, ਤਾਂ ਉਸ ਦੀ ਤੁਰੰਤ ਸ਼ਿਕਾਇਤ ਆਪਣੇ ਨੇੜਲੇ ਪੁਲਿਸ ਸਾਂਝ ਕੇਂਦਰ ਜਾਂ ਥਾਣਾ ਸਾਈਬਰ ਕ੍ਰਾਈਮ ਬਟਾਲਾ ਵਿਖੇ ਦਰਜ ਕਰਵਾਈ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਸਾਂਝ ਕੇਂਦਰਾਂ ਅਤੇ ਸਾਈਬਰ ਕ੍ਰਾਈਮ ਸੈੱਲ ਵਿੱਚ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ‘ਤੇ ਪੁਲਿਸ ਤੁਰੰਤ ਐਕਸ਼ਨ ਲੈਂਦੀ ਹੈ। ਬਟਾਲਾ ਪੁਲਿਸ ਲੋਕਾਂ ਦੀ ਜਾਇਦਾਦ ਸੁਰੱਖਿਅਤ ਕਰਨ ਅਤੇ ਗੁੰਮ ਹੋਏ ਫੋਨ ਜਲਦ ਤੋਂ ਜਲਦ ਟਰੇਸ ਕਰਕੇ ਮਾਲਕਾਂ ਤੱਕ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਆਪਣੇ ਗੁੰਮ ਹੋਏ ਮਹਿੰਗੇ ਮੋਬਾਈਲ ਫੋਨ ਵਾਪਸ ਮਿਲਣ ‘ਤੇ ਲੋਕਾਂ ਦੇ ਚਿਹਰਿਆਂ ‘ਤੇ ਭਾਰੀ ਖੁਸ਼ੀ ਦੇਖਣ ਨੂੰ ਮਿਲੀ। ਮੋਬਾਈਲ ਮਾਲਕਾਂ ਨੇ ਬਟਾਲਾ ਪੁਲਿਸ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਆਪਣਾ ਫੋਨ ਮੁੜ ਹਾਸਲ ਕਰਨ ਲਈ ਪੁਲਿਸ ਵਿਭਾਗ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਸ ਮੁਹਿੰਮ ਨਾਲ ਆਮ ਜਨਤਾ ਦਾ ਪੁਲਿਸ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਪੁਲਿਸ ਦੀ ਬਦਸਲੂਕੀ ਤੋਂ ਭੜਕੇ ਲੋਕਾਂ ਨੇ ਥਾਣੇ ਦਾ ਕੀਤਾ ਘਿਰਾਓ, ਸ਼ਰੇਆਮ ਨਸ਼ਾ ਵਿਕਣ ਦੇ ਲਾਏ ਗੰਭੀਰ ਦੋਸ਼
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

