ਚੰਡੀਗੜ੍ਹ (ਇੰਟ.)- ਹਰਿਆਣਾ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸੂਬਾ ਸਰਕਾਰ ਨੇ ਗੰਨੇ ਦੀਆਂ ਕੀਮਤਾਂ ਵਿਚ 12 ਰੁਪਏ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਸੂਬੇ ਵਿਚ ਹੁਣ ਗੰਨੇ ਦੀ ਕੀਮਤ 362 ਰੁਪਏ ਪ੍ਰਤੀ ਕੁਇੰਟਲ ਹੋਵੇਗੀ। ਇਹ ਜਾਣਕਾਰੀ ਖੇਤੀ ਮੰਤਰੀ ਜੇ.ਪੀ. ਦਲਾਲ ਨੇ ਦਿੱਤੀ। ਗੰਨੇ ਦੀ ਕੀਮਤ ਵਿਚ ਵਾਧੇ ਦਾ ਫੈਸਲਾ ਸ਼ੁਗਰਫੈਡ ਦੀ ਮੀਟਿੰਗ ਵਿਚ ਲਿਆ ਗਿਆ। ਮੀਟਿੰਗ ਵਿਚ ਸਹਿਕਾਰਿਤਾ ਮੰਤਰੀ ਬਨਵਾਰੀਲਾਲ ਵੀ ਮੌਜੂਦ ਰਹੇ। ਦੱਸ ਦਈਏ ਕਿ ਗੁਆਂਢੀ ਸੂਬੇ ਪੰਜਾਬ ਵਿਚ ਗੰਨੇ ਦੀਆਂ ਕੀਮਤਾਂ ਵਿਚ ਵਾਧੇ ਤੋਂ ਬਾਅਦ ਹਰਿਆਣਾ ਵਿਚ ਵੀ ਸਰਕਾਰ ‘ਤੇ ਇਸ ਦੀ ਕੀਮਤ ਵਿਚ ਵਾਧੇ ਦਾ ਦਬਾਅ ਬਣ ਰਿਹਾ ਸੀ। ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਵੀ ਗੰਨੇ ਦੀ ਕੀਮਤ ਵਿਚ ਵਾਧਾ ਕਰ ਚੁੱਕਾ ਹੈ। ਹੁਣ ਹਰਿਆਣਾ ਸਰਕਾਰ ਵਲੋਂ ਵੀ ਗੰਨੇ ਦੀਆਂ ਕੀਮਤਾਂ ਵਿਚ ਵਾਧਾ ਕਰਨ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਹੈ।
ਉਥੇ ਹੀ ਹਰਿਆਣਾ ਵਿਚ ਹੁਣ ਕਿਸੇ ਖਾਦ ਵਿਕਰੇਤਾ ਨੇ ਕਿਸਾਨਾਂ ਨੂੰ ਖਾਦ ਦੇ ਨਾਲ ਕੀਟਨਾਸ਼ਕ ਦਵਾਈ ਲੈਣ ਲਈ ਮਜਬੂਰ ਕੀਤਾ ਤਾਂ ਉਸ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ। ਹੁਕਮਾਂ ਦਾ ਸਖ਼ਤੀ ਨਾਲ ਪਾਲਨ ਕਰਵਾਉਣ ਲਈ ਸਾਰੇ ਖਾਦ ਡੀਲਰਾਂ ਨੂੰ ਚਿੱਠੀ ਲਿਖੀ ਜਾਵੇਗੀ। ਖੇਤੀਬਾੜੀ ਮੰਤਰੀ ਜੇ.ਪੀ. ਦਲਾਲ ਨੇ ਬੀਤੇ ਦਿਨੀਂ ਪੰਜ ਖਾਦ ਕੰਪਨੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਮੀਟਿੰਗ ਵਿਚ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਹ ਕੰਪਨੀ ਦੇ ਪ੍ਰਤੀਨਿਧੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਡੀਲਰਾਂ ਨੂੰ ਸਰਕਾਰ ਦੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਜਾਣਕਾਰੀ ਪ੍ਰਦਾਨ ਕਰ ਦੇਣ।
ਨਹੀਂ ਤਾਂ ਉਨ੍ਹਾਂ ਨੂੰ ਦਿੱਕਤ ਝੱਲਣੀ ਪੈ ਸਕਦੀ ਹੈ। ਜੇ.ਪੀ. ਦਲਾਲ ਨੇ ਕਿਹਾ ਕਿ ਕਿਸਾਨਾਂ ਨੂੰ ਸਮੇਂ ‘ਤੇ ਖਾਦ ਮੁਹੱਈਆ ਕਰਵਾਉਣ ਲਈ ਪਿਛਲੇ ਸਾਲ ਦੇ ਮੁਕਾਬਲੇ ਵਿਚ ਜ਼ਿਆਦਾ ਭੰਡਾਰਣ ਕੀਤਾ ਜਾਵੇਗਾ। ਕਣਕ, ਸਰੋਂ ਅਤੇ ਆਲੂ ਸਣੇ ਹੋਰ ਫਸਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਰ ਜ਼ਰੂਰੀ ਵਸਤ ਦੀ ਵਿਵਸਥਾ ਕੀਤੀ ਜਾਵੇਗੀ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕੰਪਨੀਆਂ ਦੇ ਡੀਲਰਾਂ ਵਲੋਂ ਕਿਸਾਨਾਂ ਨੂੰ ਖਾਦ ਦੇ ਨਾਲ ਕੁਝ ਦਵਾਈਆਂ ਖਰੀਦਣ ਲਈ ਕਿਹਾ ਜਾਂਦਾ ਹੈ। ਇਹ ਗਲਤ ਹੈ। ਕਿਸਾਨਾਂ ਨੂੰ ਖਾਦ ਦੇ ਨਾਲ ਦਵਾਈ ਦੀ ਖਰੀਦ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਮੀਟਿੰਗ ਵਿਚ ਖੇਤੀ ਸਕੱਤਰ ਡਾ. ਸੁਮਿਤਾ ਮਿਸ਼ਰਾ ਵੀ ਮੌਜੂਦ ਰਹੀ।

:max_bytes(150000):strip_icc()/GettyImages-528316683-0e1c6feafe874b7e94411b003c672153.jpg)



