ਵਾਸ਼ਿੰਗਟਨ/ਮਾਸਕੋ: ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਰੂਸ-ਯੂਕਰੇਨ ਜੰਗ ਦਰਮਿਆਨ ਵਿਸ਼ਵ ਭਰ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਖ਼ਲ ਤੋਂ ਬਾਅਦ ਦੋਵੇਂ ਦੇਸ਼ 9, 10 ਅਤੇ 11 ਮਈ ਤੱਕ ਤਿੰਨ ਦਿਨਾਂ ਦੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਇਸ ਦੌਰਾਨ ਸਰਹੱਦ ‘ਤੇ ਹਰ ਤਰ੍ਹਾਂ ਦੀਆਂ ਫੌਜੀ ਗਤੀਵਿਧੀਆਂ ‘ਤੇ ਮੁਕੰਮਲ ਰੋਕ ਰਹੇਗੀ।
ਟਰੰਪ ਨੇ ‘ਟਰੂਥ ਸੋਸ਼ਲ’ ‘ਤੇ ਸਾਂਝੀ ਕੀਤੀ ਇਤਿਹਾਸਕ ਸਫ਼ਲਤਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ਰਾਹੀਂ ਇਸ ਵੱਡੀ ਸਫ਼ਲਤਾ ਦਾ ਐਲਾਨ ਕੀਤਾ। ਟਰੰਪ ਨੇ ਦੱਸਿਆ ਕਿ ਇਹ ਜੰਗਬੰਦੀ ਉਨ੍ਹਾਂ ਦੀ ਸਿੱਧੀ ਅਪੀਲ ‘ਤੇ ਸੰਭਵ ਹੋਈ ਹੈ। ਉਨ੍ਹਾਂ ਨੇ ਇਸ ਕਦਮ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮਨੁੱਖਤਾ ਦੇ ਹਿੱਤ ਵਿੱਚ ਲਿਆ ਗਿਆ ਇੱਕ ਮਹੱਤਵਪੂਰਨ ਫੈਸਲਾ ਹੈ।
‘ਵਿਜੇ ਦਿਵਸ’ ‘ਤੇ ਸ਼ਾਂਤੀ ਦੀ ਪਹਿਲ
ਡੋਨਾਲਡ ਟਰੰਪ ਨੇ ਆਪਣੀ ਪੋਸਟ ਵਿੱਚ ਜ਼ਿਕਰ ਕੀਤਾ ਕਿ 9 ਮਈ ਦਾ ਦਿਨ ਦੋਵਾਂ ਦੇਸ਼ਾਂ ਲਈ ਇਤਿਹਾਸਕ ਮਹੱਤਵ ਰੱਖਦਾ ਹੈ, ਕਿਉਂਕਿ ਇਸ ਦਿਨ ਰੂਸ ਵਿੱਚ ‘ਵਿਜੇ ਦਿਵਸ’ (Victory Day) ਮਨਾਇਆ ਜਾਂਦਾ ਹੈ। ਦੂਜੇ ਵਿਸ਼ਵ ਯੁੱਧ ਦੀ ਉਸ ਜਿੱਤ ਵਿੱਚ ਯੂਕਰੇਨ ਦਾ ਵੀ ਅਹਿਮ ਯੋਗਦਾਨ ਸੀ। ਇਸ ਜੰਗਬੰਦੀ ਦੇ ਨਾਲ ਹੀ ਦੋਵਾਂ ਦੇਸ਼ਾਂ ਨੇ ਵੱਡਾ ਦਿਲ ਦਿਖਾਉਂਦੇ ਹੋਏ ਇੱਕ-ਬੂਜੇ ਦੇ 1,000-1,000 ਕੈਦੀਆਂ ਨੂੰ ਰਿਹਾਅ ਕਰਨ ‘ਤੇ ਵੀ ਸਹਿਮਤੀ ਜਤਾਈ ਹੈ।
ਕ੍ਰੇਮਲਿਨ ਅਤੇ ਯੂਕਰੇਨ ਵੱਲੋਂ ਪੁਸ਼ਟੀ
ਰੂਸ ਦੀ ਸਰਕਾਰੀ ਰਿਹਾਇਸ਼ ‘ਕ੍ਰੇਮਲਿਨ’ ਨੇ ਸਪੱਸ਼ਟ ਕੀਤਾ ਹੈ ਕਿ ਉਹ ਰਾਸ਼ਟਰਪਤੀ ਟਰੰਪ ਦੇ ਪ੍ਰਸਤਾਵ ‘ਤੇ ਅਮਲ ਕਰਨ ਅਤੇ ਕੈਦੀਆਂ ਦੀ ਅਦਲਾ-ਬਦਲੀ ਲਈ ਪੂਰੀ ਤਰ੍ਹਾਂ ਤਿਆਰ ਹਨ। ਦੂਜੇ ਪਾਸੇ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੰਗੀ ਕੈਦੀਆਂ ਦੀ ਰਿਹਾਈ ਦੀ ਪ੍ਰਕਿਰਿਆ ਜਲਦੀ ਸ਼ੁਰੂ ਕਰ ਦਿੱਤੀ ਜਾਵੇਗੀ।
ਵਿਸ਼ਵ ਭਰ ਵਿੱਚ ਉਮੀਦ ਦੀ ਕਿਰਨ
ਇਸ ਤਿੰਨ ਦਿਨਾਂ ਜੰਗਬੰਦੀ ਨੂੰ ਜੰਗ ਦੇ ਸਥਾਈ ਹੱਲ ਵੱਲ ਇੱਕ ਮੁੱਢਲਾ ਕਦਮ ਮੰਨਿਆ ਜਾ ਰਿਹਾ ਹੈ। ਅੰਤਰਰਾਸ਼ਟਰੀ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਜੰਗਬੰਦੀ ਸਫਲ ਰਹਿੰਦੀ ਹੈ, ਤਾਂ ਆਉਣ ਵਾਲੇ ਦਿਨਾਂ ਵਿੱਚ ਗੱਲਬਾਤ ਰਾਹੀਂ ਸ਼ਾਂਤੀ ਦੇ ਰਾਹ ਖੁੱਲ੍ਹ ਸਕਦੇ ਹਨ।




