ਗੁਰੂਗ੍ਰਾਮ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੁਲਿਸ ਗੈਂਗਸਟਰਾਂ ਉੱਤੇ ਲਗਾਤਾਰ ਕਾਰਵਾਈ ਕਰ ਰਹੀ ਹੈ। ਹੁਣ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 10 ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਗੈਂਗਸਟਰਾਂ ਕੋਲੋਂ ਵਿਦੇਸ਼ੀ ਚਾਰ ਪਿਸਤੌਲ, ਕਾਰਤੂਸ ਅਤੇ ਦੋ ਗੱਡੀਆਂ ਬਰਾਮਦ ਕੀਤੀਆ ਹਨ।
ਏਸੀਪੀ ਨੇ ਕੀਤੇ ਵੱਡੇ ਖੁਲਾਸੇ
ਵੱਡ਼ੀ ਗੱਲ ਸਾਹਮਣੇ ਆਈ ਹੈ ਕਿ ਇੰਨ੍ਹਾਂ ਗੈਂਗਸਟਰਾਂ ਕੋਲੋਂ ਹਰਿਆਣਾ ਪੁਲਿਸ ਦੀ ਵਰਦੀ ਵੀ ਬਰਾਮਦ ਹੋਈ ਹੈ। ਵਰਦੀ ਤੋਂ ਪਤਾ ਲੱਗਦਾ ਹੈ ਕਿ ਇਹ ਵੱਡੀ ਵਾਰਦਾਤ ਕਰਨ ਦੀ ਫਿਰਾਕ ਵਿੱਚ ਸਨ। ਏਸੀਪੀ ਕ੍ਰਾਈਮ ਵਰੁਣ ਦਹੀਆ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਦਸ ਵਜੇ ਕ੍ਰਾਈਮ ਬ੍ਰਾਂਚ ਸੈਕਟਰ 17 ਤੇ ਸੈਕਟਰ 31 ਦੀ ਟੀਮ ਨੂੰ ਮੁਖ਼ਬਿਰ ਨੇ ਗੈਂਗ ਦੇ ਸ਼ਾਰਪ ਸ਼ੂਟਰਾਂ ਦੀ ਸੂਚਨਾ ਦਿੱਤੀ। ਦੋਵੇਂ ਟੀਮਾਂ ਸਾਂਝੇ ਤੌਰ ’ਤੇ ਕੰਮ ਕਰਦੇ ਹੋਏ ਭੋਂਡਸੀ ਦੇ ਮਹੇਂਦਰਵਾੜਾ ਪੁੱਜੀਆਂ। ਉੱਥੇ ਬਾਹਰ ਇਕ ਸਕਾਰਪੀਓ ਤੇ ਇਕ ਹੋਂਡਾ ਸਿਟੀ ਕਾਰ ਖੜ੍ਹੀ ਸੀ। ਅੰਦਰ ਦੇ ਇਕ ਟਿਕਾਣੇ ’ਤੇ ਸੱਤ ਸ਼ੂਟਰ ਪੁਲਿਸ ਦੀ ਵਰਦੀ ’ਚ ਸਨ। ਪੁਲਿਸ ਨੇ ਘੇਰਾ ਬਣਾ ਕੇ ਉਨ੍ਹਾਂ ਨੂੰ ਦਬੋਚ ਲਿਆ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਦੋਵਾਂ ਟੀਮਾਂ ਨੇ ਰਾਜੀਵ ਚੌਕ ਦੇਵੀ ਲਾਲ ਸਟੇਡੀਅਮ ਕੋਲੋਂ ਉਨ੍ਹਾਂ ਦੇ ਤਿੰਨ ਹੋਰ ਸਾਥੀਆਂ ਨੂੰ ਫੜ ਲਿਆ। ਪੁਲਿਸ ਪੁੱਛਗਿੱਛ ’ਚ ਮੁਲਜ਼ਮਾਂ ਨੇ ਦੱਸਿਆ ਕਿ ਉਹ ਗੁਰੂਗ੍ਰਾਮ ਦੀ ਇਕ ਸੁਸਾਇਟੀ ਤੋਂ ਇਕ ਵੱਡੇ ਵਪਾਰੀ ਨੂੰ ਅਗਵਾ ਕਰ ਕੇ ਫਿਰੌਤੀ ਲੈਣ ਦੀ ਸਾਜ਼ਿਸ਼ ਰਚ ਰਹੇ ਸਨ।
ਪੁਲਿਸ ਵੱਲੋਂ ਵੱਡਾ ਐਕਸ਼ਨ
ਪੁਲਿਸ ਵੱਲੋਂ ਸਮਾਜ ਵਿੱਚ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਮੁਹਿੰਮ ਆਰੰਭੀ ਹੋਈ ਹੈ। ਆਏ ਦਿਨ ਕਿਸੇ ਨਾ ਕਿਸੇ ਗੈਂਗਸਟਰ ਦਾ ਐਨਕਾਊਟਰ ਅਤੇ ਗ੍ਰਿਫ਼ਤਾਰੀਆਂ ਦੀਆਂ ਖਬਰਾਂ ਸਾਹਮਣੇ ਆ ਰਹੀਆ ਹਨ।


