ਪੰਜਾਬ ਦੇ ਜਲੰਧਰ ਸ਼ਹਿਰ ਵਿਚ ਵੱਡੀ ਵਾਰਦਾਤ ਵਾਪਰੀ ਹੈ। ਜਲੰਧਰ ਦੇ ਬੂਟਾ ਮੰਡੀ ਵਿਚ ਰਹਿੰਦੇ ਪੰਜਾਬੀ ਗਾਇਕ ਦੇ ਘਰ ਬਾਹਰ ਗੋਲ਼ੀਆਂ ਚੱਲ ਗਈਆਂ। ਉਸ ਨੂੰ ਕੁਝ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ। ਵਿਦੇਸ਼ੀ ਨੰਬਰਾਂ ਤੋਂ ਫ਼ੋਨ ਕਰ ਗੈਂਗਸਟਰ ਉਸ ‘ਤੇ ਅਪਣੇ ਨਾਲ ਕੰਮ ਕਰਨ ਲਈ ਦਬਾਅ ਪਾ ਰਹੇ ਹਨ।
ਜਲੰਧਰ ਦੇ ਬੂਟਾ ਮੰਡੀ ‘ਚ ਗਾਇਕ ਸਾਹਿਲ ਸ਼ਾਹ ਨੇ ਦਸਿਆ ਕਿ ਜਦੋਂ ਇਹ ਵਾਰਦਾਤ ਹੋਈ ਤਾਂ ਉਹ ਕਿਸੇ ਪ੍ਰੋਗਰਾਮ ਲਈ ਚੰਡੀਗੜ੍ਹ ਗਿਆ ਹੋਇਆ ਸੀ। ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਘਰ ਦੇ ਦਰਵਾਜ਼ੇ ‘ਤੇ ਗੋਲੀਆਂ ਦੇ ਨਿਸ਼ਾਨ ਦੇਖੇ। ਮੌਕੇ ‘ਤੇ ਕੁੱਝ ਖੋਲ੍ਹ ਵੀ ਬਰਾਮਦ ਹੋਏ ਹਨ। ਸਾਹਿਲ ਨੇ ਤੁਰੰਤ ਪਰਿਵਾਰ ਦੇ ਬਾਕੀ ਮੈਂਬਰਾਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੀੜਤ ਪਰਿਵਾਰ ਸਦਮੇ ਵਿਚ ਹੈ।
ਸਾਹਿਲ ਨੇ ਦੱਸਿਆ ਕਿ ਉਹ ਗੀਤ ਵੀ ਲਿਖਦਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ’ਚ ਗਾਇਕ ਸਾਹਿਲ ਨੇ ਦੱਸਿਆ ਕਿ ਜਿਸ ਮਿਊਜ਼ਿਕ ਕੰਪਨੀ ’ਚ ਉਹ ਕੰਮ ਕਰਦਾ ਸੀ, ਉਹ ਉਸ ’ਤੇ ਦਬਾਅ ਪਾ ਰਹੀ ਸੀ ਕਿ ਉਹ ਉਨ੍ਹਾਂ ਦੀ ਕੰਪਨੀ ਨਾ ਛੱਡੇ ਤੇ ਇਕਰਾਰਨਾਮਾ ਪੂਰਾ ਹੋਣ ਤੋਂ ਬਾਅਦ ਵੀ ਕੰਮ ਕਰੇ, ਜਿਸ ਕਾਰਨ ਉਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ।
ਉਧਰ ਪੁਲਸ ਮਾਮਲੇ ਸਬੰਧੀ ਥਾਣਾ ਨੰ. 6 ਦੇ ਐੱਸ. ਐੱਚ. ਓ. ਨੇ ਬਿਆਨ ਦਰਜ ਕਰ ਲਏ ਹਨ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਾਰੀ ਜਾਂਚ ਕੀਤੀ। ਅਜੇ ਤੱਕ ਕੋਈ ਖੋਲ ਬਰਾਮਦ ਨਹੀਂ ਹੋਇਆ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।



