ਮੋਹਾਲੀ : ਸਰਾਫਾ ਬਾਜ਼ਾਰ ਵਿੱਚ ਪਿਛਲੇ ਕੁਝ ਸਮੇਂ ਤੋਂ ਜਾਰੀ ਤੇਜ਼ੀ ਨੂੰ ਹੁਣ ਬਰੇਕ ਲੱਗਦੀ ਨਜ਼ਰ ਆ ਰਹੀ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਉਤਾਰ-ਚੜ੍ਹਾਅ ਦਾ ਦੌਰ ਜਾਰੀ ਹੈ, ਜਿਸ ਕਾਰਨ ਨਿਵੇਸ਼ਕਾਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਸੋਨਾ 3,400 ਰੁਪਏ ਤੱਕ ਸਸਤਾ ਹੋਇਆ ਹੈ, ਜਦਕਿ ਚਾਂਦੀ ਦੀਆਂ ਕੀਮਤਾਂ ਵਿੱਚ 16,000 ਰੁਪਏ ਤੱਕ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
MCX ਅਤੇ ਅੰਤਰਰਾਸ਼ਟਰੀ ਬਾਜ਼ਾਰ ਦਾ ਹਾਲ
ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਸੋਨੇ ਦਾ ਭਾਅ 3,415 ਰੁਪਏ (2.4%) ਡਿੱਗ ਕੇ 1,38,800 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ ਹੈ। ਦੂਜੇ ਪਾਸੇ, ਚਾਂਦੀ ਦੀ ਗੱਲ ਕਰੀਏ ਤਾਂ ਇਹ 15,939 ਰੁਪਏ (6%) ਦੀ ਗਿਰਾਵਟ ਨਾਲ 2.49 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸਥਿਤੀ ਅਸਥਿਰ ਬਣੀ ਹੋਈ ਹੈ। ਸੋਮਵਾਰ ਸਵੇਰ ਦੀ ਟ੍ਰੇਡਿੰਗ ਦੌਰਾਨ ਸਪੌਟ ਗੋਲਡ ਵਿੱਚ 4% ਦੀ ਗਿਰਾਵਟ ਦੇਖੀ ਗਈ। ਚਾਂਦੀ ਨੇ ਤਾਂ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜਦਿਆਂ ਇੱਕ ਸਮੇਂ 12% ਤੱਕ ਦੀ ਗਿਰਾਵਟ ਦਰਜ ਕੀਤੀ, ਹਾਲਾਂਕਿ ਬਾਅਦ ਵਿੱਚ ਇਹ 80 ਡਾਲਰ ਪ੍ਰਤੀ ਔਂਸ ਦੇ ਪੱਧਰ ‘ਤੇ ਸੰਭਲ ਗਈ।
ਕਿਉਂ ਡਿੱਗ ਰਹੀਆਂ ਨੇ ਕੀਮਤਾਂ?
ਮਾਹਰਾਂ ਮੁਤਾਬਕ ਇਸ ਗਿਰਾਵਟ ਦਾ ਮੁੱਖ ਕਾਰਨ ਅਮਰੀਕਾ ਤੋਂ ਆਈ ਇੱਕ ਖ਼ਬਰ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੇਵਿਨ ਵਾਰਸ਼ ਨੂੰ ਫੈਡਰਲ ਰਿਜ਼ਰਵ ਦਾ ਅਗਲਾ ਚੇਅਰਮੈਨ ਨਾਮਜ਼ਦ ਕਰਨ ਦੀ ਯੋਜਨਾ ਨੇ ਬਾਜ਼ਾਰ ਦਾ ਰੁਖ ਬਦਲ ਦਿੱਤਾ ਹੈ। ਇਸ ਖ਼ਬਰ ਨਾਲ ਡਾਲਰ ਮਜ਼ਬੂਤ ਹੋਇਆ ਹੈ, ਜਿਸ ਕਾਰਨ ਸੋਨੇ-ਚਾਂਦੀ ਦੀ ਚਮਕ ਫਿੱਕੀ ਪੈ ਗਈ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ ਵਿਸ਼ਵਵਿਆਪੀ ਤਣਾਅ ਕਾਰਨ ਕੀਮਤਾਂ ਰਿਕਾਰਡ ਉਚਾਈ ‘ਤੇ ਪਹੁੰਚ ਗਈਆਂ ਸਨ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ)
ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਮਾਮੂਲੀ ਫਰਕ ਦੇਖਣ ਨੂੰ ਮਿਲ ਰਿਹਾ ਹੈ। ਦੱਖਣੀ ਭਾਰਤ ਵਿੱਚ ਸੋਨਾ ਅਜੇ ਵੀ ਮਹਿੰਗਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਦਿੱਲੀ ‘ਚ ਸੋਨਾ ਦੀ ਕੀਮਤ 1,47,720, ਮੁੰਬਈ ‘ਚ 1,47,970, ਕੋਲਕਾਤਾ ‘ਚ 1,47,780, ਚੇਨਈ ‘ਚ 1,48,400 (ਸਭ ਤੋਂ ਵੱਧ), ਹੈਦਰਾਬਾਦ ‘ਚ 1,48,210 ਅਤੇ ਬੰਗਲੌਰ ‘ਚ 1,48,090 ਹੈ।
ਸ਼ਹਿਰਾਂ ਅਨੁਸਾਰ ਚਾਂਦੀ ਦੀਆਂ ਕੀਮਤਾਂ (ਪ੍ਰਤੀ ਕਿਲੋਗ੍ਰਾਮ)
ਚਾਂਦੀ ਦੀਆਂ ਕੀਮਤਾਂ ਵੀ ਉੱਚੇ ਪੱਧਰ ‘ਤੇ ਬਣੀਆਂ ਹੋਈਆਂ ਹਨ। ਜਿਨ੍ਹਾਂ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ। ਦੱਸ ਦੇਈਏ ਕਿ ਚਾਂਦੀ ਦਾ ਭਾਅ ਮੁੰਬਈ ‘ਚ 2,66,020, ਦਿੱਲੀ ‘ਚ 2,65,560, ਕੋਲਕਾਤਾ ‘ਚ 2,65,660, ਚੇਨਈ ‘ਚ 2,66,790, ਹੈਦਰਾਬਾਦ ‘ਚ 2,66,440 ਅਤੇ ਬੰਗਲੌਰ ‘ਚ 2,66,230 ਹੈ।
ਬਾਜ਼ਾਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਵਿੱਚ ਹੋਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ, ਇਸ ਲਈ ਨਿਵੇਸ਼ਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ।



