ਮੋਹਾਲੀ : ਪਿਛਲੇ ਕੁੱਝ ਦਿਨਾਂ ਤੋਂ ਸਰਾਫ਼ਾ ਬਾਜ਼ਾਰ ਵਿੱਚ ਜਾਰੀ ਉਤਰਾਅ-ਚੜ੍ਹਾਅ ਦੇ ਵਿਚਕਾਰ ਅੱਜ ਨਿਵੇਸ਼ਕਾਂ ਅਤੇ ਖਰੀਦਦਾਰਾਂ ਲਈ ਰਾਹਤ ਦੀ ਖ਼ਬਰ ਆਈ ਹੈ। ਅਮਰੀਕਾ ਅਤੇ ਭਾਰਤ ਵਿਚਾਲੇ ਹੋਏ ਵਪਾਰਕ ਸਮਝੌਤੇ ਤੋਂ ਬਾਅਦ ਕੀਮਤਾਂ ਵਿੱਚ ਜੋ ਤੇਜ਼ੀ ਦੇਖੀ ਗਈ ਸੀ, ਉਹ ਹੁਣ ਮੱਠੀ ਪੈ ਗਈ ਹੈ। ਅੱਜ ਵੀਰਵਾਰ (5 ਫਰਵਰੀ) ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ
ਅੱਜ ਬਾਜ਼ਾਰ ਖੁੱਲ੍ਹਦਿਆਂ ਹੀ ਚਾਂਦੀ ਦੀਆਂ ਕੀਮਤਾਂ ਨੂੰ ਵੱਡਾ ਝਟਕਾ ਲੱਗਾ ਹੈ। ਚਾਂਦੀ ਦੀ ਕੀਮਤ ਵਿੱਚ ਪ੍ਰਤੀ ਕਿੱਲੋ ਲਗਭਗ 25,000 ਰੁਪਏ ਦੀ ਵੱਡੀ ਕਮੀ ਆਈ ਹੈ। ਦੱਸਣਯੋਗ ਹੈ ਕਿ ਬੁੱਧਵਾਰ (4 ਫਰਵਰੀ) ਨੂੰ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਉਛਾਲ ਦੇਖਿਆ ਗਿਆ ਸੀ, ਜਿਸ ਕਾਰਨ ਇਹ 2.98 ਲੱਖ ਰੁਪਏ ਪ੍ਰਤੀ ਕਿੱਲੋ ਦੇ ਇਤਿਹਾਸਕ ਪੱਧਰ ਤੱਕ ਪਹੁੰਚ ਗਈ ਸੀ। ਪਰ ਅੱਜ ਦੀ ਗਿਰਾਵਟ ਨੇ ਖਰੀਦਦਾਰਾਂ ਨੂੰ ਕੁਝ ਰਾਹਤ ਦਿੱਤੀ ਹੈ।
ਸੋਨਾ ਵੀ ਹੋਇਆ ਸਸਤਾ
ਸਿਰਫ਼ ਚਾਂਦੀ ਹੀ ਨਹੀਂ, ਸੋਨੇ ਦੀਆਂ ਕੀਮਤਾਂ ਵਿੱਚ ਵੀ ਮੱਦੀ ਦੇਖਣ ਨੂੰ ਮਿਲੀ ਹੈ। ਸੋਨੇ ਦੇ ਭਾਅ ਪ੍ਰਤੀ 10 ਗ੍ਰਾਮ ਲਗਭਗ 1,800 ਰੁਪਏ ਸਸਤੇ ਹੋਏ ਹਨ। ਬੀਤੇ ਕੱਲ੍ਹ (4 ਫਰਵਰੀ) 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 7,400 ਰੁਪਏ ਦੇ ਉਛਾਲ ਨਾਲ 1,65,100 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ ਸੀ, ਜੋ ਕਿ ਟੈਕਸ ਸਮੇਤ ਕੀਮਤਾਂ ਸਨ। ਅੱਜ ਦੀ ਗਿਰਾਵਟ ਤੋਂ ਬਾਅਦ ਬਾਜ਼ਾਰ ਵਿੱਚ ਮੁੜ ਸਥਿਰਤਾ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ।
ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦਾ ਕਾਰਨ
ਸਰਾਫ਼ਾ ਕਾਰੋਬਾਰੀਆਂ ਅਨੁਸਾਰ, ਅੰਤਰਰਾਸ਼ਟਰੀ ਵਪਾਰਕ ਸਮੀਕਰਨਾਂ ਅਤੇ ਅਮਰੀਕਾ-ਭਾਰਤ ਵਪਾਰ ਸਮਝੌਤੇ ਤੋਂ ਬਾਅਦ ਬਾਜ਼ਾਰ ਵਿੱਚ ਭਾਰੀ ਹਲਚਲ ਦੇਖਣ ਨੂੰ ਮਿਲੀ ਸੀ। ਬੁੱਧਵਾਰ ਨੂੰ ਚਾਂਦੀ ਵਿੱਚ 14,300 ਰੁਪਏ ਅਤੇ ਸੋਨੇ ਵਿੱਚ 7,400 ਰੁਪਏ ਦਾ ਜੋ ਵਾਧਾ ਦਰਜ ਹੋਇਆ ਸੀ, ਉਹ ਇੱਕ ਰਿਕਾਰਡ ਸੀ। ਪਰ ਅੱਜ ਵੀਰਵਾਰ ਨੂੰ ਹੋਈ ਇਸ ‘ਪ੍ਰੋਫਿਟ ਬੁਕਿੰਗ’ ਅਤੇ ਗਲੋਬਲ ਸੰਕੇਤਾਂ ਕਾਰਨ ਕੀਮਤਾਂ ਮੁੜ ਹੇਠਾਂ ਆਈਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



