ਜਲੰਧਰ: ਜਲੰਧਰ ਪੁਲਿਸ ਨੇ ਬੀਐਸਐਫ (BSF) ਹੈੱਡਕੁਆਰਟਰ ਦੇ ਬਾਹਰ ਹੋਏ ਆਈਈਡੀ (IED) ਧਮਾਕੇ ਦੀ ਗੁੱਥੀ ਸੁਲਝਾਉਂਦਿਆਂ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ 28 ਸਾਲਾ ਮਨੀਰ ਖਾਨ ਅਤੇ ਅਨਿਲ ਸ਼ਰਮਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਉਸ ਸਮੇਂ ਦਬੋਚਿਆ ਜਦੋਂ ਉਹ ਬੱਸ ਰਾਹੀਂ ਅੰਮ੍ਰਿਤਸਰ ਭੱਜਣ ਦੀ ਫਿਰਾਕ ਵਿੱਚ ਸਨ। ਦੇਰ ਰਾਤ ਦੋਵਾਂ ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਹੇਠ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
ਇੰਸਟਾਗ੍ਰਾਮ ਰਾਹੀਂ ਪਾਕਿਸਤਾਨੀ ਡੌਨ ਨਾਲ ਜੁੜੇ ਸਨ ਤਾਰ
ਪੁਲਿਸ ਪੁੱਛਗਿੱਛ ਦੌਰਾਨ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਮੁੱਖ ਮੁਲਜ਼ਮ ਮਨੀਰ ਖਾਨ, ਜੋ ਕਿ ਦਸਵੀਂ ਫੇਲ੍ਹ ਹੈ, ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਰਾਹੀਂ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਆਇਆ ਸੀ। ਭੱਟੀ ਨੇ ਹੀ ਮਨੀਰ ਨੂੰ ਧਮਾਕਾ ਕਰਨ ਦਾ ਕੰਮ ਸੌਂਪਿਆ ਸੀ। ਇਸ ਧਮਾਕੇ ਨੂੰ ਅੰਜਾਮ ਦੇਣ ਬਦਲੇ ਮਨੀਰ ਖਾਨ ਨੂੰ 1 ਲੱਖ ਰੁਪਏ ਦਿੱਤੇ ਗਏ ਸਨ। ਮਨੀਰ ਨੇ ਦੱਸਿਆ ਕਿ ਧਮਾਕੇ ਲਈ ਵਰਤਿਆ ਗਿਆ ਬੰਬ ਵੀ ਭੱਟੀ ਨੇ ਹੀ ਮੁਹੱਈਆ ਕਰਵਾਇਆ ਸੀ। ਪੁਲਿਸ ਹੁਣ ਉਸ ਥਾਂ ਦੀ ਨਿਸ਼ਾਨਦੇਹੀ ਕਰੇਗੀ ਜਿੱਥੋਂ ਇਹ ਬੰਬ ਪ੍ਰਾਪਤ ਕੀਤਾ ਗਿਆ ਸੀ।
ISI ਦੀ ਸਾਜ਼ਿਸ਼ ਅਤੇ ਲਾਈਵ ਵੀਡੀਓਗ੍ਰਾਫੀ
ਦੂਜਾ ਮੁਲਜ਼ਮ ਅਨਿਲ ਸ਼ਰਮਾ, ਜੋ ਕਿ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਰਹਿਣ ਵਾਲਾ ਹੈ, ਇਸ ਪੂਰੀ ਘਟਨਾ ਦੀ ਵੀਡੀਓਗ੍ਰਾਫੀ ਕਰ ਰਿਹਾ ਸੀ। ਅਨਿਲ ਨੇ ਪੁੱਛਗਿੱਛ ‘ਚ ਦੱਸਿਆ ਕਿ ਸ਼ਹਿਜ਼ਾਦ ਭੱਟੀ ਨੇ ਉਸ ਨੂੰ ਕਿਹਾ ਸੀ ਕਿ ISI ਨੇ ਉਸ ਨੂੰ ਵੱਡੇ ਧਮਾਕੇ ਦੀ ਜ਼ਿੰਮੇਵਾਰੀ ਦਿੱਤੀ ਹੈ। ਅਨਿਲ ਦਾ ਕੰਮ ਧਮਾਕੇ ਦੀ ਲਾਈਵ ਵੀਡੀਓ ਬਣਾ ਕੇ ਭੱਟੀ ਨੂੰ ਦਿਖਾਉਣਾ ਸੀ ਤਾਂ ਜੋ ਧਮਾਕੇ ਦੀ ਤੀਬਰਤਾ ਦੀ ਪੁਸ਼ਟੀ ਕੀਤੀ ਜਾ ਸਕੇ। ਇਸ ਕੰਮ ਲਈ ਅਨਿਲ ਨੂੰ 50 ਹਜ਼ਾਰ ਰੁਪਏ ਮਿਲੇ ਸਨ।
ਪੁਲਿਸ ਦੀ ਗੁਪਤ ਕਾਰਵਾਈ
ਸੀਪੀ ਧਨਪ੍ਰੀਤ ਕੌਰ ਅਤੇ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਖੁਦ ਸੀਆਈਏ (CIA) ਸਟਾਫ਼ ਵਿੱਚ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਰਹੇ ਹਨ। ਖੁਫ਼ੀਆ ਵਿੰਗ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਇਸ ਕਾਰਵਾਈ ਨੂੰ ਬੇਹੱਦ ਗੁਪਤ ਰੱਖਿਆ ਗਿਆ ਸੀ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਨ੍ਹਾਂ ਦੇ ਹੋਰ ਸਾਥੀ ਵੀ ਪੰਜਾਬ ਵਿੱਚ ਸਰਗਰਮ ਹਨ।



