ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਲਈ ਅੱਜ ਦਾ ਦਿਨ ਕਾਨੂੰਨੀ ਲਿਹਾਜ਼ ਨਾਲ ਕਾਫੀ ਅਹਿਮ ਹੈ। ਲਗਭਗ 8 ਸਾਲ ਪੁਰਾਣੇ ਇੱਕ ਮਾਨਹਾਨੀ ਦੇ ਮਾਮਲੇ ਵਿੱਚ ਅੱਜ ਉਹ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣਗੇ। ਇਹ ਮਾਮਲਾ ਸਾਲ 2017 ਤੋਂ ਚੱਲ ਰਿਹਾ ਹੈ, ਜਿਸ ਵਿੱਚ ਅਦਾਲਤੀ ਕਾਰਵਾਈ ਹੁਣ ਫੈਸਲਾਕੁੰਨ ਮੋੜ ‘ਤੇ ਪਹੁੰਚ ਚੁੱਕੀ ਹੈ।
ਕੀ ਹੈ ਪੂਰਾ ਮਾਮਲਾ?
ਇਹ ਵਿਵਾਦ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ੁਰੂ ਹੋਇਆ ਸੀ। 4 ਜਨਵਰੀ 2017 ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਅਖੰਡ ਕੀਰਤਨੀ ਜੱਥਾ ਦੇ ਪ੍ਰਵਕਤਾ ਰਾਜਿੰਦਰ ਪਾਲ ਸਿੰਘ ਦੇ ਘਰ ਗਏ ਸਨ। ਇਸ ਮੁਲਾਕਾਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਵਿੱਚ ਇੱਕ ਬਿਆਨ ਜਾਰੀ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਕਥਿਤ ਤੌਰ ‘ਤੇ ਅਖੰਡ ਕੀਰਤਨੀ ਜੱਥੇ ਨੂੰ ਪਾਬੰਦੀਸ਼ੁਦਾ ਜਥੇਬੰਦੀ ‘ਬੱਬਰ ਖਾਲਸਾ ਇੰਟਰਨੈਸ਼ਨਲ’ ਦਾ ਰਾਜਨੀਤਿਕ ਮੋਰਚਾ ਦੱਸਿਆ ਸੀ।
ਸੁਖਬੀਰ ਬਾਦਲ ਖ਼ਿਲਾਫ਼ ਚੰਡੀਗੜ੍ਹ ਅਦਾਲਤ ਵਿੱਚ ਭਾਰਤੀ ਦੰਡ ਸੰਹਿਤਾ (IPC) ਦੀ ਧਾਰਾ 499 ਤਹਿਤ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਬਿਨਾਂ ਕਿਸੇ ਤੱਥ ਦੇ ਇੰਨੇ ਪੁਰਾਣੇ ਅਤੇ ਸਤਿਕਾਰਤ ਧਾਰਮਿਕ ਜੱਥੇ ‘ਤੇ ਅਜਿਹੇ ਗੰਭੀਰ ਇਲਜ਼ਾਮ ਲਗਾਉਣਾ ਗਲਤ ਹੈ।
ਹਾਈਕੋਰਟ ਤੋਂ ਨਹੀਂ ਮਿਲੀ ਰਾਹਤ
ਸੁਖਬੀਰ ਬਾਦਲ ਵੱਲੋਂ ਇਸ ਕੇਸ ਨੂੰ ਰੱਦ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਗਿਆ ਸੀ। ਹਾਲਾਂਕਿ, ਹਾਈਕੋਰਟ ਨੇ ਉਨ੍ਹਾਂ ਦੀ ਯਾਚਿਕਾ ਨੂੰ ਖਾਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹੇਠਲੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਲਗਾਤਾਰ ਜਾਰੀ ਹੈ।
ਗੈਰ-ਜ਼ਮਾਨਤੀ ਵਾਰੰਟ ਅਤੇ ਦੁਬਾਰਾ ਜ਼ਮਾਨਤ
ਜ਼ਿਕਰਯੋਗ ਹੈ ਕਿ ਬੀਤੀ 17 ਦਸੰਬਰ 2025 ਨੂੰ ਸੁਖਬੀਰ ਬਾਦਲ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ ਸਨ, ਜਿਸ ਕਾਰਨ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ ਅਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਹਾਲਾਂਕਿ, ਬਾਅਦ ਵਿੱਚ ਅਦਾਲਤ ਵਿੱਚ ਪੇਸ਼ ਹੋਣ ‘ਤੇ ਉਨ੍ਹਾਂ ਨੂੰ ਮੁੜ ਜ਼ਮਾਨਤ ਮਿਲ ਗਈ ਸੀ। ਅੱਜ ਦੀ ਸੁਣਵਾਈ ਦੌਰਾਨ ਅਦਾਲਤ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਕਰੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Weather Update : ਪੰਜਾਬ-ਹਰਿਆਣਾ ਵਿੱਚ ਮੀਂਹ ਅਤੇ ਪਹਾੜਾਂ ‘ਤੇ ਬਰਫ਼ਬਾਰੀ ਦੀ ਸੰਭਾਵਨਾ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



