ਨਵੀਂ ਦਿੱਲੀ: ਦੇਸ਼ ਭਰ ਵਿੱਚ ਆਮ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਜ਼ਬਰਦਸਤ ਝਟਕਾ ਲੱਗਾ ਹੈ। ਤੇਲ ਕੰਪਨੀਆਂ ਨੇ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵੱਡਾ ਵਾਧਾ ਕਰ ਦਿੱਤਾ ਹੈ। ਤਾਜ਼ਾ ਵਾਧੇ ਮੁਤਾਬਕ ਪੈਟਰੋਲ ਦੀ ਕੀਮਤ ਵਿੱਚ 2.61 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 2.71 ਰੁਪਏ ਪ੍ਰਤੀ ਲੀਟਰ ਤੱਕ ਦਾ ਉਛਾਲ ਆਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹਿਜ਼ 10 ਦਿਨਾਂ ਦੇ ਅੰਦਰ ਈਂਧਨ ਦੀਆਂ ਕੀਮਤਾਂ ਵਿੱਚ ਇਹ ਚੌਥੀ ਵਾਧਾ ਹੈ, ਜਿਸ ਨੇ ਮੱਧਮ ਵਰਗ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ।
ਜਾਣੋ ਕਿਉਂ ਲਗਾਤਾਰ ਮਹਿੰਗਾ ਹੋ ਰਿਹਾ ਹੈ ਤੇਲ?
ਆਰਥਿਕ ਮਾਹਰਾਂ ਮੁਤਾਬਕ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਵਧਦੀਆਂ ਕੀਮਤਾਂ, ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰ ਸਥਿਤੀ ਅਤੇ ਤੇਲ ਦੀ ਦਰਾਮਦ (Import) ਲਾਗਤ ਵਧਣ ਕਾਰਨ ਸਰਕਾਰੀ ਤੇਲ ਕੰਪਨੀਆਂ ‘ਤੇ ਦਬਾਅ ਬਹੁਤ ਵਧ ਗਿਆ ਹੈ। ਇਸ ਤੋਂ ਇਲਾਵਾ ਰਿਫਾਈਨਿੰਗ ਮਾਰਜਿਨ ਵਿੱਚ ਹੋਈ ਤਬਦੀਲੀ ਵੀ ਇਸ ਵਾਧੇ ਦਾ ਮੁੱਖ ਕਾਰਨ ਹੈ। ਲੰਬੇ ਸਮੇਂ ਤੱਕ ਕੀਮਤਾਂ ਸਥਿਰ ਰੱਖਣ ਤੋਂ ਬਾਅਦ ਹੁਣ ਤੇਲ ਕੰਪਨੀਆਂ ਹੌਲੀ-ਹੌਲੀ ਵਧੀ ਹੋਈ ਲਾਗਤ ਦਾ ਬੋਝ ਗਾਹਕਾਂ ‘ਤੇ ਪਾ ਰਹੀਆਂ ਹਨ। ਇਹੀ ਵਜ੍ਹਾ ਹੈ ਕਿ ਪਿਛਲੇ 10 ਦਿਨਾਂ ਵਿੱਚ ਪੈਟਰੋਲ-ਡੀਜ਼ਲ ਕਰੀਬ 5 ਰੁਪਏ ਪ੍ਰਤੀ ਲੀਟਰ ਤੱਕ ਮਹਿੰਗੇ ਹੋ ਚੁੱਕੇ ਹਨ।
ਮਹਾਨਗਰਾਂ ਵਿੱਚ ਪੈਟਰੋਲ ਦੇ ਨਵੇਂ ਰੇਟ
ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਦੇਸ਼ ਦੇ ਮੁੱਖ ਸ਼ਹਿਰਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਅਸਮਾਨੀ ਪਹੁੰਚ ਗਈਆਂ ਹਨ। ਦਿੱਲੀ ‘ਚ ਪੈਟਰੋਲ 2.61 ਰੁਪਏ ਦੀ ਤੇਜ਼ੀ ਨਾਲ 102.12 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਕੋਲਕਾਤਾ’ਚ ਇੱਥੇ ਸਭ ਤੋਂ ਵੱਧ 2.87 ਰੁਪਏ ਦਾ ਵਾਧਾ ਹੋਇਆ, ਜਿਸ ਨਾਲ ਕੀਮਤ 113.51 ਰੁਪਏ ਹੋ ਗਈ ਹੈ।ਮੁੰਬਈ’ਚ ਆਮ ਲੋਕਾਂ ਨੂੰ ਹੁਣ ਇੱਕ ਲੀਟਰ ਪੈਟਰੋਲ ਲਈ 111.21 ਰੁਪਏ ਖ਼ਰਚਣੇ ਪੈਣਗੇ। ਚੇਨਈ’ਚ ਇੱਥੇ ਪੈਟਰੋਲ ਦੀ ਨਵੀਂ ਕੀਮਤ 107.77 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਪੰਜਾਬ ਵਿੱਚ ਵਿਗੜਦੇ ਦਿਖ ਰਹੇ ਹਾਲਾਤ
ਇਸ ਦੌਰਾਨ, ਪੰਜਾਬ ਦੇ ਪੈਟਰੋਲ ਪੰਪਾਂ ‘ਤੇ ਪੈਟਰੋਲ ਅਤੇ ਡੀਜ਼ਲ ਖਤਮ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਪੰਜਾਬ ਪੈਟਰੋਲ ਡੀਲਰਜ਼ ਐਸੋਸੀਏਸ਼ਨ ਨੇ ਇਸ ਮਾਮਲੇ ਸਬੰਧੀ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਤੇਲ ਕੰਪਨੀਆਂ ਨੂੰ ਸਪਲਾਈ ਸਥਿਤੀ ਨੂੰ ਸੁਧਾਰਨ ਲਈ ਨਿਰਦੇਸ਼ ਜਾਰੀ ਕੀਤੇ ਜਾਣ। ਜੇਕਰ ਸਪਲਾਈ ਬਹਾਲ ਨਹੀਂ ਕੀਤੀ ਗਈ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ।
ਟ੍ਰਾਂਸਪੋਰਟ ਸੈਕਟਰ ਪ੍ਰਭਾਵਿਤ
ਪੈਟਰੋਲ ਦੇ ਨਾਲ-ਨਾਲ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਰਾਜਧਾਨੀ ਦਿੱਲੀ ਵਿੱਚ ਡੀਜ਼ਲ ਹੁਣ 95.20 ਰੁਪਏ ਪ੍ਰਤੀ ਲੀਟਰ ਵਿਕੇਗਾ। ਜਦਕਿ ਕੋਲਕਾਤਾ ਵਿੱਚ ਇਹ 99.82 ਰੁਪਏ ਅਤੇ ਆਰਥਿਕ ਰਾਜਧਾਨੀ ਮੁੰਬਈ ਵਿੱਚ 97.83 ਰੁਪਏ ਪ੍ਰਤੀ ਲੀਟਰ ਤੱਕ ਜਾ ਪਹੁੰਚਿਆ ਹੈ। ਡੀਜ਼ਲ ਮਹਿੰਗਾ ਹੋਣ ਕਾਰਨ ਸਭ ਤੋਂ ਵੱਡੀ ਮਾਰ ਟ੍ਰਾਂਸਪੋਰਟ ਅਤੇ ਮਾਲ ਢੁਆਈ (Freight) ‘ਤੇ ਪੈਣ ਵਾਲੀ ਹੈ।
ਹੋਰ ਵਧੇਗੀ ਮਹਿੰਗਾਈ
“ਈਂਧਨ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਸਿਰਫ਼ ਵਾਹਨ ਚਾਲਕਾਂ ਤੱਕ ਸੀਮਤ ਨਹੀਂ ਰਹਿੰਦਾ। ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਮਾਲ ਢੁਆਈ ਮਹਿੰਗੀ ਹੋ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਫਲ, ਸਬਜ਼ੀਆਂ, ਦੁੱਧ ਅਤੇ ਰੋਜ਼ਾਨਾ ਵਰਤੋਂ ਦੀਆਂ ਹੋਰ ਚੀਜ਼ਾਂ ‘ਤੇ ਪੈਂਦਾ ਹੈ। ਇਸ ਤੋਂ ਇਲਾਵਾ ਖੇਤੀਬਾੜੀ ਸੈਕਟਰ ‘ਤੇ ਵੀ ਇਸ ਦਾ ਵਾਧੂ ਬੋਝ ਪਵੇਗਾ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਦੇਸ਼ ਵਿੱਚ ਮਹਿੰਗਾਈ ਹੋਰ ਵਧਣ ਦਾ ਖ਼ਦਸ਼ਾ ਹੈ।”
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



