ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਮਾਝਾ ਖੇਤਰ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਮਾਝੇ ਦੀ ਮੰਨੀ-ਪ੍ਰਮੰਨੀ ਸ਼ਖਸੀਅਤ ਅਤੇ ਮਜੀਠਾ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਜਗਵਿੰਦਰ ਪਾਲ ਸਿੰਘ,ਜੋ ਜੱਗਾ ਮਜੀਠਾ ਦੇ ਨਾਂ ਤੋਂ ਵੀ ਜਾਣੇ ਜਾਂਦੇ ਹਨ, ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੋਰ ਤੇ ਜੱਗਾ ਨੂੰ ਪਾਰਟੀ ‘ਚ ਸ਼ਾਮਲ ਕਰਾਇਆ ਅਤੇ ਸਵਾਗਤ ਕੀਤਾ।
ਜਗਵਿੰਦਰ ਪਾਲ ਸਿੰਘ ਜੱਗਾ 1987 ਤੋਂ ਕਾਂਗਰਸੀ ਵਰਕਰ ਸਨ ਅਤੇ 1992 ਵਿੱਚ ਕੌਂਸਲਰ ਚੁਣੇ ਗਏ ਸਨ।ਉਹ 1999 ਵਿੱਚ ਯੂਥ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸਨ ਅਤੇ 2000 ਦੇ ਸ਼ੁਰੂ ਵਿੱਚ ੳਨਾਂ ਨੂੰ।ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ। ਉਨ੍ਹਾਂ ਨੇ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਟਿਕਟ ‘ਤੇ ਲੜੀਆਂ ਸਨ।
ਨਗਰ ਨਿਗਮ ਚੋਣਾਂ ਅਤੇ ਅਗਲੀ ਵਾਰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਕਈ ਵੱਡੇ ਨੇਤਾ ਅਤੇ ਪ੍ਰਮੁੱਖ ਹਸਤੀਆਂ ਦਾ ਰੁਖ ਆਮ ਆਦਮੀ ਪਾਰਟੀ ਵੱਲ ਹੋ ਰਿਹਾ ਹੈ। ਜੱਗਾ ਮਜੀਠਾ ਦਾ ‘ਆਪ’ ‘ਚ ਸਵਾਗਤ ਕਰਨ ਤੋਂ ਬਾਅਦ ਮੁਖਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਸਰਕਾਰ ਦੇ ਕੰਮਾਂ ਅਤੇ ਨੀਤੀਆਂ ਤੋਂ ਬਹੁਤ ਖੁਸ਼ ਹਨ।



