ਅੰਮ੍ਰਿਤਸਰ : ਪੰਜਾਬ ਦੇ ਮਾਝਾ ਇਲਾਕੇ ਵਿੱਚ ਪ੍ਰਸ਼ਾਸਨ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਛਾਪੇਮਾਰੀ ਕਰਦਿਆਂ ਸ਼ਰਾਬ ਦੀਆਂ ਹਜ਼ਾਰਾਂ ਪੇਟੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਆਬਕਾਰੀ ਵਿਭਾਗ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਹੁਣ ਤੱਕ 2500 ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੀ ਗਿਣਤੀ ਅਜੇ ਵੀ ਜਾਰੀ ਹੈ ਅਤੇ ਇਹ ਅੰਕੜਾ ਹੋਰ ਵੀ ਵਧ ਸਕਦਾ ਹੈ।
ਸਾਰੀ ਰਾਤ ਚੱਲਿਆ ਆਪ੍ਰੇਸ਼ਨ
ਇਹ ਗੁਪਤ ਆਪ੍ਰੇਸ਼ਨ ਬੀਤੀ ਸ਼ਾਮ ਸ਼ੁਰੂ ਹੋਇਆ ਸੀ, ਜੋ ਦੇਰ ਰਾਤ ਤੋਂ ਹੁੰਦਾ ਹੋਇਆ ਅਗਲੀ ਸਵੇਰ ਤੱਕ ਜਾਰੀ ਰਿਹਾ। ਅਧਿਕਾਰੀਆਂ ਮੁਤਾਬਕ ਬਰਾਮਦ ਕੀਤੀ ਗਈ ਖੇਪ ਵਿੱਚ ਬਹੁਤ ਮਹਿੰਗੀ ਵਿਦੇਸ਼ੀ ਸ਼ਰਾਬ ਅਤੇ ਕਈ ਅਜਿਹੇ ਬ੍ਰਾਂਡ ਸ਼ਾਮਲ ਹਨ ਜੋ ਐਕਸਪਾਇਰੀ (ਮਿਆਦ ਪੁੱਗ ਚੁੱਕੀ) ਹੋ ਚੁੱਕੇ ਹਨ। ਬਾਜ਼ਾਰ ਵਿੱਚ ਇਸ ਸ਼ਰਾਬ ਦੀ ਕੀਮਤ ਕਈ ਕਰੋੜ ਰੁਪਏ ਦੱਸੀ ਜਾ ਰਹੀ ਹੈ। ਪ੍ਰਸ਼ਾਸਨ ਹੁਣ ਬਰਾਮਦ ਕੀਤੀ ਗਈ ਸਾਰੀ ਸ਼ਰਾਬ ਨੂੰ ਸੀਲ ਕਰਨ ਦੀ ਪ੍ਰਕਿਰਿਆ ਵਿੱਚ ਜੁਟਿਆ ਹੋਇਆ ਹੈ।
ਅਧਿਕਾਰੀਆਂ ਨੇ ਦਿੱਤੀ ਜਾਣਕਾਰੀ
ਸਵੇਰ ਹੁੰਦੇ ਹੀ ਆਬਕਾਰੀ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ। ਜਾਂਚ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਦੇ ਹਰ ਪਹਿਲੂ ਨੂੰ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇੰਨੀ ਵੱਡੀ ਮਾਤਰਾ ਵਿੱਚ ਸ਼ਰਾਬ ਕਿੱਥੋਂ ਆਈ ਅਤੇ ਇਸ ਦਾ ਮਕਸਦ ਕੀ ਸੀ। ਮੌਕੇ ‘ਤੇ ਮੌਜੂਦ ਆਬਕਾਰੀ ਵਿਭਾਗ ਦੇ ਈ.ਟੀ.ਓ (ETO), ਖਲਚੀਆਂ ਥਾਣੇ ਦੇ ਐਸ.ਐਚ.ਓ (SHO) ਮੁਖਤਿਆਰ ਸਿੰਘ ਅਤੇ ਠੇਕਿਆਂ ਦੇ ਮੈਨੇਜਰ ਹਰਦੀਪ ਗਿੱਲ ਨੇ ਵੀ ਕਾਰਵਾਈ ਬਾਰੇ ਆਪਣਾ ਪੱਖ ਰੱਖਿਆ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ
ਪੁਲਿਸ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ਰਾਬ ਦੇ ਸਟਾਕ ਨਾਲ ਸਬੰਧਤ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਜੇਕਰ ਕੋਈ ਵੀ ਕਾਨੂੰਨੀ ਉਲੰਘਣਾ ਪਾਈ ਗਈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਵੱਡੀ ਕਾਰਵਾਈ ਨੇ ਇਲਾਕੇ ਦੇ ਸ਼ਰਾਬ ਮਾਫੀਆ ਅਤੇ ਨਾਜਾਇਜ਼ ਸਟਾਕ ਰੱਖਣ ਵਾਲਿਆਂ ਵਿੱਚ ਹੜਕੰਪ ਮਚਾ ਦਿੱਤਾ ਹੈ।



