ਗੁਰਦਾਸਪੁਰ : ਨਜਾਇਜ਼ ਸ਼ਰਾਬ ਦੇ ਕਾਰੋਬਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਆਬਕਾਰੀ ਵਿਭਾਗ ਅਤੇ ਗੁਰਦਾਸਪੁਰ ਪੁਲਿਸ ਨੇ ਸਾਂਝੇ ਤੌਰ ‘ਤੇ ਦਰਿਆ ਬਿਆਸ ਦੇ ਕੰਢੇ ਵੱਡੀ ਕਾਰਵਾਈ ਕੀਤੀ ਹੈ। ਕਰੀਬ 8 ਘੰਟੇ ਚੱਲੇ ਇਸ ਸਰਚ ਆਪ੍ਰੇਸ਼ਨ ਦੌਰਾਨ ਟੀਮਾਂ ਨੇ ਹਜ਼ਾਰਾਂ ਲੀਟਰ ਕੱਚੀ ਲਾਹਣ ਬਰਾਮਦ ਕਰਕੇ ਮੌਕੇ ‘ਤੇ ਹੀ ਨਸ਼ਟ ਕਰ ਦਿੱਤੀ। ਜੇਕਰ ਇਹ ਲਾਹਣ ਫੜੀ ਨਾ ਜਾਂਦੀ ਤਾਂ ਇਸ ਤੋਂ ਲੱਖਾਂ ਲੀਟਰ ਨਜਾਇਜ਼ ਸ਼ਰਾਬ ਤਿਆਰ ਕੀਤੀ ਜਾਣੀ ਸੀ।
ਦਰਿਆ ਦੇ ਪਾਣੀ ਅਤੇ ਸਰਕੰਡਿਆਂ ‘ਚ ਲੁਕੋਈ ਸੀ ਲਾਹਣ
ਨਜਾਇਜ਼ ਸ਼ਰਾਬ ਦੇ ਤਸਕਰ ਮੰਡ ਖੇਤਰ ਦੀ ਭੂਗੋਲਿਕ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਸ਼ਰਾਬ ਅਤੇ ਲਾਹਣ ਨੂੰ ਜ਼ਮੀਨ ਵਿੱਚ ਟੋਏ ਪੁੱਟ ਕੇ ਜਾਂ ਦਰਿਆ ਦੇ ਘੱਟ ਡੂੰਘੇ ਪਾਣੀ ਵਿੱਚ ਲੁਕਾ ਕੇ ਰੱਖਦੇ ਹਨ। ਇਸ ਕਾਰਵਾਈ ਦੌਰਾਨ ਪੁਲਿਸ ਅਤੇ ਆਬਕਾਰੀ ਵਿਭਾਗ ਦੇ ਮੁਲਾਜ਼ਮਾਂ ਨੂੰ ਭਾਰੀ ਮਸ਼ੱਕਤ ਕਰਨੀ ਪਈ। ਮੁਲਾਜ਼ਮਾਂ ਨੇ ਦਰਿਆ ਦੇ ਪਾਣੀ ਵਿੱਚ ਵੜ ਕੇ ਅਤੇ ਸੰਘਣੇ ਸਰਕੰਡਿਆਂ ਦੇ ਵਿਚਕਾਰੋਂ ਤਲਾਸ਼ੀ ਲੈ ਕੇ ਇਸ ਖ਼ੇਪ ਨੂੰ ਬਰਾਮਦ ਕੀਤਾ।
ਭਾਰੀ ਮਾਤਰਾ ਵਿੱਚ ਸਾਮਾਨ ਬਰਾਮਦ
ਇਸ ਛਾਪੇਮਾਰੀ ਦੌਰਾਨ ਵਿਭਾਗ ਨੂੰ ਦਰਿਆ ਕਿਨਾਰੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਮਾਨ ਮਿਲਿਆ ਹੈ। 53,900 ਕਿਲੋ ਕੱਚੀ ਲਾਹਣ: ਇਹ ਲਾਹਣ 105 ਤਰਪਾਲਾਂ (ਹਰੇਕ ਵਿੱਚ 500 ਕਿਲੋ) ਵਿੱਚ ਭਰ ਕੇ ਲੁਕੋਈ ਗਈ ਸੀ। ਨਾਜਾਇਜ਼ ਸ਼ਰਾਬ 125 ਲੀਟਰ ਤਿਆਰ ਨਾਜਾਇਜ਼ ਸ਼ਰਾਬ ਵੀ ਬਰਾਮਦ ਹੋਈ। ਹੋਰ ਸਾਮਾਨ ਵਿੱਚੋਂ 25 ਟੀਨ, 6 ਲੋਹੇ ਦੇ ਵੱਡੇ ਡਰੱਮ ਅਤੇ 12 ਪਲਾਸਟਿਕ ਦੇ ਡੱਬੇ ਵੀ ਜ਼ਬਤ ਕੀਤੇ ਗਏ।
ਨਜਾਇਜ਼ ਸ਼ਰਾਬ ਲਈ ਬਦਨਾਮ ਇਲਾਕਿਆਂ ‘ਤੇ ਸ਼ਿਕੰਜਾ
ਦੱਸਣਯੋਗ ਹੈ ਕਿ ਮੰਡ ਖੇਤਰ ਦੇ ਪਿੰਡ ਮੌਜਪੁਰ, ਭੈਣੀ ਪਸਵਾਲ, ਭੈਣੀ ਮੀਆਂ ਖਾਂ, ਭੈਣੀ ਮੀਲਵਾਂ ਅਤੇ ਬਰਕਤ ਵਰਗੇ ਇਲਾਕੇ ਨਜਾਇਜ਼ ਸ਼ਰਾਬ ਦੀ ਕੱਢਣ ਅਤੇ ਵਿਕਰੀ ਲਈ ਕਾਫੀ ਬਦਨਾਮ ਹਨ। ਪੁਲਿਸ ਮੁਤਾਬਕ ਇਨ੍ਹਾਂ ਇਲਾਕਿਆਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਆਬ ਕਾਰੀ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।



