ਅੰਮ੍ਰਿਤਸਰ : ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਗਠਜੋੜ ਖ਼ਿਲਾਫ਼ ਵਿੱਢੀ ਗਈ ਸਖ਼ਤ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਸਰਹੱਦ ਪਾਰੋਂ ਚੱਲ ਰਹੇ ਇੱਕ ਬਹੁਤ ਵੱਡੇ ਨੈੱਟਵਰਕ ਨੂੰ ਤਬਾਹ ਕਰਨ ਵਿੱਚ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਪਾਕਿਸਤਾਨੀ ਸਮਗਲਰਾਂ ਦੇ ਇਸ਼ਾਰੇ ‘ਤੇ ਕੰਮ ਕਰਨ ਵਾਲੇ ਚਾਰ ਅੰਤਰਰਾਸ਼ਟਰੀ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 5.557 ਕਿਲੋਗ੍ਰਾਮ ਹੈਰੋਇਨ ਅਤੇ ਦੋ ਅਤਿ-ਆਧੁਨਿਕ ਪਿਸਤੌਲ ਬਰਾਮਦ ਕੀਤੇ ਗਏ ਹਨ। ਇਸ ਕਾਰਵਾਈ ਨਾਲ ਸਰਹੱਦ ਪਾਰੋਂ ਪੰਜਾਬ ਵਿੱਚ ਨਸ਼ੇ ਅਤੇ ਹਥਿਆਰਾਂ ਦੀ ਵੱਡੀ ਖੇਪ ਸਪਲਾਈ ਕਰਨ ਦੀ ਸਾਜ਼ਿਸ਼ ਨਾਕਾਮ ਹੋ ਗਈ ਹੈ।
ISI ਕਨੈਕਸ਼ਨ ਦੀ ਜਾਂਚ ਸ਼ੁਰੂ
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਗਿਰੋਹ ਸਰਹੱਦ ਪਾਰ ਬੈਠੇ ਪਾਕਿਸਤਾਨੀ ਸਮਗਲਰਾਂ ਦੇ ਸਿੱਧੇ ਸੰਪਰਕ ਵਿੱਚ ਸੀ। ਪਾਕਿਸਤਾਨੀ ਖੁਫੀਆ ਏਜੰਸੀ ISI ਦੀ ਸ਼ਹਿ ‘ਤੇ ਇਹ ਸਮਗਲਰ ਡਰੋਨਾਂ ਰਾਹੀਂ ਭਾਰਤੀ ਇਲਾਕੇ ਵਿੱਚ ਹੈਰੋਇਨ ਅਤੇ ਹਥਿਆਰ ਸੁੱਟਦੇ ਸਨ। ਇਹ ਭਾਰਤੀ ਤਸਕਰ ਪਹਿਲਾਂ ਤੋਂ ਤੈਅ ਕੀਤੀਆਂ ਲੋਕੇਸ਼ਨਾਂ ਤੋਂ ਖੇਪ ਨੂੰ ਰਿਸੀਵ ਕਰਦੇ ਸਨ ਅਤੇ ਫਿਰ ਉਸ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਅਪਰਾਧਿਕ ਤੱਤਾਂ ਤੱਕ ਪਹੁੰਚਾਉਂਦੇ ਸਨ। ਪੁਲਿਸ ਵੱਲੋਂ ਇਸ ਪੂਰੇ ਨੈੱਟਵਰਕ ਦੇ ਵਿੱਤੀ ਲੈਣ-ਦੇਣ ਅਤੇ ਵਿਦੇਸ਼ੀ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਫੜੇ ਗਏ ਮੁਲਜ਼ਮਾਂ ਦਾ ਅਪਰਾਧਿਕ ਰਿਕਾਰਡ
ਪੁਲਿਸ ਦੀ ਗ੍ਰਿਫ਼ਤ ਵਿੱਚ ਆਏ ਮੁਲਜ਼ਮਾਂ ਦੀ ਪਛਾਣ ਆਕਾਸ਼ ਸੰਧੂ, ਸੁਨੀਲ ਸਰੋਜ, ਹਰਵਿੰਦਰ ਸਿੰਘ ਉਰਫ਼ ਚਮਕੌਰ ਅਤੇ ਵੰਸ਼ ਸਿੰਘ ਵਜੋਂ ਹੋਈ ਹੈ। ਪੁਲਿਸ ਮੁਤਾਬਕ ਆਕਾਸ਼, ਸੁਨੀਲ ਅਤੇ ਹਰਵਿੰਦਰ ਦਾ ਪਹਿਲਾਂ ਵੀ ਵੱਡਾ ਅਪਰਾਧਿਕ ਰਿਕਾਰਡ ਰਿਹਾ ਹੈ ਅਤੇ ਉਹਨਾਂ ਖ਼ਿਲਾਫ਼ NDPS ਅਤੇ ਆਰਮਜ਼ ਐਕਟ ਤਹਿਤ ਕਈ ਗੰਭੀਰ ਮਾਮਲੇ ਦਰਜ ਹਨ। ਜਦਕਿ ਚੌਥਾ ਮੁਲਜ਼ਮ ਵੰਸ਼ ਸਿੰਘ ਪੇਸ਼ੇ ਤੋਂ ਟੈਕਸੀ ਡਰਾਈਵਰ ਹੈ। ਵੰਸ਼ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ, ਪਰ ਉਹ ਮੋਟੇ ਪੈਸੇ ਕਮਾਉਣ ਦੇ ਲਾਲਚ ਵਿੱਚ ਇਸ ਖ਼ਤਰਨਾਕ ਸਮਗਲਿੰਗ ਗਿਰੋਹ ਦਾ ਹਿੱਸਾ ਬਣ ਗਿਆ।
ਸੀਆਈਏ ਸਟਾਫ਼ ਅਤੇ ਪੁਲਿਸ ਟੀਮ ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ
ਇਹ ਸਾਰਾ ਸਾਂਝਾ ਆਪ੍ਰੇਸ਼ਨ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਦੀ ਦੇਖਰੇਖ ਹੇਠ ਏਡੀਸੀਪੀ ਜਗਵਿੰਦਰ ਸਿੰਘ, ਏਸੀਪੀ ਇੰਦਰਜੀਤ ਸਿੰਘ ਅਤੇ ਸੀਆਈਏ ਇੰਚਾਰਜ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਨੇਪਰੇ ਚਾੜ੍ਹਿਆ ਗਿਆ। ਪੁਲਿਸ ਨੇ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਕਰਦਿਆਂ ਪਹਿਲਾਂ ਆਕਾਸ਼ ਸੰਧੂ ਨੂੰ ਦਬੋਚਿਆ, ਜਿਸ ਕੋਲੋਂ ਸ਼ੁਰੂਆਤ ਵਿੱਚ 192 ਗ੍ਰਾਮ ਅਤੇ ਬਾਅਦ ਵਿੱਚ ਉਸ ਦੀ ਨਿਸ਼ਾਨਦੇਹੀ ‘ਤੇ 776 ਗ੍ਰਾਮ ਹੈਰੋਇਨ ਮਿਲੀ। ਇਸ ਤੋਂ ਬਾਅਦ ਪੁਲਿਸ ਨੇ ਸੁਨੀਲ ਸਰੋਜ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ‘ਚੋਂ 4 ਕਿਲੋ 589 ਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ। ਜਦੋਂ ਜਾਂਚ ਅੱਗੇ ਵਧੀ ਤਾਂ ਹਰਵਿੰਦਰ ਅਤੇ ਵੰਸ਼ ਸਿੰਘ ਵੀ ਪੁਲਿਸ ਦੇ ਹੱਥ ਚੜ੍ਹ ਗਏ, ਜਿਨ੍ਹਾਂ ਕੋਲੋਂ ਇੱਕ ‘ਗਲਾਕ’ 9mm ਪਿਸਤੌਲ ਅਤੇ ਇੱਕ .30 ਬੋਰ ਸਟਾਰ ਮੇਡ ਪਿਸਤੌਲ ਬਰਾਮਦ ਹੋਈ।
ਹੋਰ ਗ੍ਰਿਫ਼ਤਾਰੀਆਂ ਦੀ ਉਮੀਦ
ਪੁਲਿਸ ਨੇ ਇਸ ਸਬੰਧੀ ਥਾਣਾ ਇਸਲਾਮਾਬਾਦ ਅਤੇ ਥਾਣਾ ਛੇਹਰਟਾ ਵਿਖੇ ਵੱਖ-ਵੱਖ ਮੁਕੱਦਮੇ ਦਰਜ ਕਰ ਲਏ ਹਨ। ਪੁਲਿਸ ਕਮਿਸ਼ਨਰ ਨੇ ਸਾਫ਼ ਕਿਹਾ ਕਿ ਪਾਕਿਸਤਾਨੀ ਤਸਕਰ ਭਾਰਤੀ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਦੇਸ਼ ਦੀ ਸੁਰੱਖਿਆ ਨੂੰ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਪੰਜਾਬ ਪੁਲਿਸ ਇਹਨਾਂ ਨੈੱਟਵਰਕਾਂ ਨੂੰ ਜੜ੍ਹੋਂ ਪੁੱਟਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਨਾਲ ਜੁੜੇ ਕਈ ਹੋਰ ਵੱਡੇ ਖੁਲਾਸੇ ਅਤੇ ਗ੍ਰਿਫ਼ਤਾਰੀਆਂ ਹੋਣ ਦੀ ਪੂਰੀ ਸੰਭਾਵਨਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਮੋਗਾ ਪੁਲਿਸ ਦੀ ਨਸ਼ਾ ਤਸਕਰਾਂ ‘ਤੇ ਵੱਡੀ ਸਟ੍ਰਾਈਕ: 60 ਕਿਲੋ ਚੂਰਾ ਪੋਸਤ ਅਤੇ ਕਾਰ ਸਮੇਤ ਇੱਕ ਕਾਬੂ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

