ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਬੰਗਾਲ ਵਿੱਚ ਇਸ ਵਾਰ ‘ਖੇਲਾ’ ਹੁੰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਇਹ ਅਜੇ ਸ਼ੁਰੂਆਤੀ ਰੁਝਾਨ ਹਨ, ਪਰ ਗਿਣਤੀ ਦੇ ਪਹਿਲੇ ਕੁਝ ਘੰਟਿਆਂ ਵਿੱਚ ਹੀ ਭਗਵਾ ਪਾਰਟੀ (ਭਾਜਪਾ) ਤੇਜ਼ੀ ਨਾਲ ਅੱਗੇ ਵਧਦੀ ਦਿਖਾਈ ਦੇ ਰਹੀ ਹੈ। ਜੇਕਰ ਇਹ ਰੁਝਾਨ ਅੰਤਿਮ ਨਤੀਜਿਆਂ ਵਿੱਚ ਬਦਲਦੇ ਹਨ, ਤਾਂ ਪੱਛਮੀ ਬੰਗਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ, ਜਦਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐਮਸੀ ਪਛੜਦੀ ਨਜ਼ਰ ਆ ਰਹੀ ਹੈ।
ਕੀ ਬੰਗਾਲ ਵਿੱਚ ਹੋ ਗਿਆ ‘ਖੇਲਾ’?
ਜੇਕਰ ਮੌਜੂਦਾ ਰੁਝਾਨ ਨਤੀਜਿਆਂ ਦਾ ਰੂਪ ਲੈਂਦੇ ਹਨ, ਤਾਂ ਇਹ ਸਾਫ਼ ਹੈ ਕਿ ਬੰਗਾਲ ਦੀ ਜਨਤਾ ਨੇ ਇਸ ਵਾਰ ਵੱਡਾ ਉਲਟਫੇਰ ਕਰ ਦਿੱਤਾ ਹੈ। ਪਿਛਲੇ 15 ਸਾਲਾਂ ਤੋਂ ਸੱਤਾ ‘ਤੇ ਕਾਬਜ਼ ਤ੍ਰਿਣਮੂਲ ਕਾਂਗਰਸ (ਟੀਐਮਸੀ) ਲਈ ਇਹ ਵੱਡਾ ਝਟਕਾ ਹੈ। ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਨੇ 2011 ਵਿੱਚ ਖੱਬੇ ਪੱਖੀਆਂ (ਲੈਫਟ) ਦੇ ਦਹਾਕਿਆਂ ਪੁਰਾਣੇ ਰਾਜ ਨੂੰ ਖ਼ਤਮ ਕਰਕੇ ਸੱਤਾ ਸੰਭਾਲੀ ਸੀ, ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਜਨਤਾ ਨੇ ਮਮਤਾ ਦੀ ਵਿਦਾਈ ਦੀ ਕਹਾਣੀ ਲਿਖ ਦਿੱਤੀ ਹੈ।
ਰੁਝਾਨਾਂ ਵਿੱਚ ਭਾਜਪਾ ਨੂੰ ਸਪੱਸ਼ਟ ਬਹੁਮਤ
ਬੰਗਾਲ ਚੋਣਾਂ ਦੇ ਰੁਝਾਨਾਂ ਵਿੱਚ ਭਾਜਪਾ ਨੇ ਬਹੁਮਤ ਦਾ ਜਾਦੂਈ ਅੰਕੜਾ ਪਾਰ ਕਰ ਲਿਆ ਹੈ। ਤਾਜ਼ਾ ਰੁਝਾਨਾਂ ਮੁਤਾਬਕ ਭਾਜਪਾ 155 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦਕਿ ਟੀਐਮਸੀ ਮਹਿਜ਼ 121 ਸੀਟਾਂ ਤੱਕ ਸਿਮਟਦੀ ਦਿਖਾਈ ਦੇ ਰਹੀ ਹੈ। ਇਸ ਚੋਣ ਪ੍ਰਚਾਰ ਦੌਰਾਨ ਭਾਜਪਾ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਾਬੜਤੋੜ ਰੈਲੀਆਂ ਕੀਤੀਆਂ ਸਨ।
ਫਿੱਕਾ ਪਿਆ ਮਮਤਾ ਦਾ ਜਾਦੂ
ਦੂਜੇ ਪਾਸੇ, ਮਮਤਾ ਬੈਨਰਜੀ ਨੇ ਇਕੱਲਿਆਂ ਹੀ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਸੀ, ਪਰ ਰੁਝਾਨ ਦੱਸਦੇ ਹਨ ਕਿ ਇਸ ਵਾਰ ‘ਦੀਦੀ’ ਦਾ ਜਾਦੂ ਫਿੱਕਾ ਪੈ ਗਿਆ ਹੈ। ਬੰਗਾਲ ਦੀ ਜਨਤਾ ਨੇ ਇਸ ਵਾਰ ਭਾਜਪਾ ਦੇ ‘ਪਰਿਵਰਤਨ’ ਦੇ ਨਾਅਰੇ ‘ਤੇ ਮੋਹਰ ਲਗਾਈ ਜਾਪਦੀ ਹੈ। ਹੁਣ ਦੇਖਣਾ ਹੋਵੇਗਾ ਕਿ ਅੰਤਿਮ ਨਤੀਜਿਆਂ ਤੱਕ ਇਹ ਤਸਵੀਰ ਕਿੰਨੀ ਬਦਲਦੀ ਹੈ।



