ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਿਸੇ ਸਮੇਂ ਸੋਨੇ ਦੀ ਚਿੜੀ ਕਹੇ ਜਾਣ ਵਾਲਾ ਸੋਹਣਾ ਪੰਜਾਬ ਅੱਜ ਅਨੇਕਾਂ ਬਿਮਾਰੀਆਂ ਤੋਂ ਜੂਝ ਰਿਹਾ ਹੈ। ਦੇਸ਼ ‘ਚ ਬਿਮਾਰੀਆਂ ਨੇ ਇੰਨੇ ਵੱਡੇ ਪੱਧਰ ‘ਤੇ ਪੈਰ ਪਸਾਰ ਲਏ ਹਨ ਕਿ, ਬਠਿੰਡਾ ਵਿੱਚ ਵੀ ਏਮਜ ਵਰਗੇ ਹਸਪਤਾਲ ਖੋਲ੍ਹਣ ਦੀ ਨੋਬਤ ਆ ਗਈ ਹੈ। ਪੰਜਾਬੀ ਅੱਜ-ਕੱਲ੍ਹ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਸ ਭਿਆਨਕ ਸਮੇਂ ‘ਚ ਬਰਨਾਲਾ ਸ਼ਹਿਰ ਵਾਸੀਆਂ ਲਈ ਵਰਦਾਨ ਸਾਬਿਤ ਹੋਈ ਹੈ ‘ਕੁਦਰਤੀ ਕਿਸਾਨ ਹਟ’।
ਕੀ ਹੈ ‘ਕੁਦਰਤੀ ਕਿਸਾਨ ਹਟ’ ?
‘ਕੁਦਰਤੀ ਕਿਸਾਨ ਹਟ’ ‘ਚ ਕਿਸਾਨਾਂ ਦੁਆਰਾ ਆਰਗੈਨਿਕ ਤਰੀਕੇ ਨਾਲ ਬਿਨਾਂ ਖਾਦਾਂ ਅਤੇ ਕੀਟਨਾਸ਼ਕਾਂ ਤੋਂ ਉਗਾਈਆਂ ਫਸਲਾਂ ਅਤੇ ਸਬਜੀਆਂ ਦੀ ਪੈਦਾਵਾਰ ਨੂੰ ਵਾਜਿਬ ਰੇਟਾਂ ‘ਤੇ ਵੇਚਿਆ ਜਾਂਦਾ ਹੈ। ਇਸ ਨਾਲ ਬਰਨਾਲਾ ਦੇ ਕਈ ਪਰਿਵਾਰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣੋ ਬਚੇ ਹੋਏ ਹਨ।
ਕਿਵੇਂ ਹੋਈ ਸ਼ੁਰੂਆਤ ?
ਇਸ ਆਰਗੈਨਿਕ ਖੇਤੀ ਦੇ ਮੁੱਢ ਬਾਰੇ ਦੱਸਦਿਆਂ ਕਿਸਾਨ ਨਿਰਮਲ ਸਿੰਘ ਨੇ ਕਿਹਾ ਕਿ, ਸਾਲ 2007 ਵਿੱਚ ਉਨ੍ਹਾਂ ਇਸ ਆਰਗੈਨਿਕ ਖੇਤੀ ਦੀ ਸ਼ੁਰੂਆਤ ਕੀਤੀ ਸੀ। ਸ਼ੁਰੂਆਤ ਵਿੱਚ ਉਹ ਸਮਾਜਸੇਵੀ ਅਤੇ ਸਮਾਜ ਚਿੰਤਕ ਡਾਕਟਰ ਅਮਰ ਅਜਾਦ ਤੋਂ ਕਾਫੀ ਪ੍ਰਭਾਵਿਤ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਸਮਾਜਸੇਵੀ ਸੰਤ ਸੀਚੇਵਾਲ ਕੋਲ ਇਸ ਖੇਤੀ ਦੇ ਬਾਰੇ ’ਚ ਬਕਾਇਦਾ ਜਾਣਿਆ। ਇਸ ਬਾਰੇ ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ, ਇਸ ਖੇਤੀ ‘ਚ ਕਣਕ ਭਾਵੇਂ ਬਹੁਤਾ ਲਾਹੇਵੰਦ ਧੰਦਾ ਨਹੀ ਪਰ ਸਬਜੀਆਂ ਦੀ ਜੇਕਰ ਆਰਗੈਨਿਕ ਖੇਤੀ ਕੀਤੀ ਜਾਵੇ ਤਾਂ ਇਸ ਨਾਲ ਕਿਸਾਨ ਚੰਗੀ ਆਮਦਨੀ ਕਮਾ ਸਕਦੇ ਹਨ।
ਸ਼ਹਿਰ ਵਾਸੀਆਂ ਦਾ ਮਿਲ ਰਿਹਾ ਭਰਵਾ ਹੁੰਗਾਰਾ
ਇਸ ਦੌਰਾਨ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ, ਬਰਨਾਲਾ ਸ਼ਹਿਰ ਵਾਸੀ ਉਨ੍ਹਾਂ ਵਲੋਂ ਉਗਾਈਆਂ ਦਾਲਾਂ ਸਬਜੀਆਂ ਦੀ ਲਗਾਤਾਰ ਖਰੀਦ ਕਰ ਰਹੇ ਹਨ, ਜਿਸ ਨਾਲ ਕਿ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ, ਸ਼ੁਰੂਆਤੀ ਸਮੇਂ ਉਹ ਸਬਜੀਆਂ ਮੰਡੀ ‘ਚ ਵੇਚਦੇ ਸਨ ਪਰ ਹੁਣ ਉਹ ਦੁਕਾਨ ‘ਤੇ ਹੀ ਸਬਜੀਆਂ ਰੱਖ ਕੇ ਵੇਚਦੇ ਹਨ।
ਲੋਕਾਂ ‘ਚ ਹੈ ਭਾਰੀ ਉਤਸ਼ਾਹ
ਇਸ ਕੁਦਰਤੀ ਕਿਸਾਨ ਹਟ ਦੇ ਬਾਰੇ ’ਚ ਜਦੋਂ ਆਸ-ਪਾਸ ਦੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਸਾਨਾਂ ਦੇ ਇਸ ਕਦਮ ਨੂੰ ਸ਼ਲਾਘਾਯੋਗ ਦੱਸਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੂਨਮ ਰਾਣੀ ਨੇ ਦੱਸਿਆ ਕਿ, ਉਹ ਕਰੀਬ ਦੋ-ਢਾਈ ਸਾਲ ਤੋਂ ਇਸ ਹਟ ਤੋਂ ਸਬਜੀਆਂ ਖਰੀਦ ਰਹੀ ਹੈ। ਪੂਨਮ ਰਾਣੀ ਅਨੁਸਾਰ ਉਹ ਕਦੇ ਵੀ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਨਹੀ ਹੋਏ। ਇਸ ਦੌਰਾਨ ਇੱਕ ਹੋਰ ਗਾਹਕ ਵਿਜੇ ਕੁਮਾਰ ਨੇ ਦੱਸਿਆ ਕਿ, ਉਹ ਪਿਛਲੇ 5 ਸਾਲਾਂ ਤੋਂ ਇਸ ਹਟ ਨਾਲ ਜੁੜੇ ਹੋਏ ਹਨ ਅਤੇ ਉਹ ਇਸ ਹਟ ਦੀ ਕਾਰਗੁਜਾਰੀ ਤੋਂ ਖੁਸ਼ ਹਨ।




