ਜੰਮੂ : ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸਿਹਤ ਤੇ ਖਾਣ-ਪੀਣ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ। ਰਸਤੇ ’ਚ ਨਾ ਤਾਂ ਜੰਕ ਫੂਡ ਮਿਲੇਗਾ ਤੇ ਨਾ ਹੀ ਕੋਲਡ ਡਿ੍ਰੰਕ ਪੀਣ ਲਈ ਮਿਲੇਗੀ। ਲੰਗਰਾਂ ’ਚ ਸ਼ਰਧਾਲੂਆਂ ਲਈ ਸਿਰਫ਼ ਉਹੀ ਖਾਣਾ ਪਰੋਸਿਆ ਜਾਵੇਗਾ ਜਿਹੜਾ ਸਿਹਤ ਲਈ ਫਾਇਦੇਮੰਦ ਹੋਵੇਗਾ। ਸ੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਨੇ ਲੰਗਰਾਂ ਲਈ ਖਾਣੇ ਦੀ ਸੂਚੀ ਜਾਰੀ ਕਰ ਦਿੱਤੀ ਹੈ। ਲੰਗਰ ਸੰਗਠਨਾਂ ਨੂੰ ਕਿਹਾ ਗਿਆ ਹੈ ਕਿ ਉਹ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਸਿਰਫ਼ ਪੋਸ਼ਕ ਤੇ ਸਿਹਤਮੰਦ ਖਾਣਾ ਹੀ ਦੇਣ।
ਅਮਰਨਾਥ ਯਾਤਰਾ ਇਕ ਜੁਲਾਈ ਤੋਂ 31 ਅਗਸਤ ਤੱਕ ਚੱਲੇਗੀ। ਦੋਵੇਂ ਯਾਤਰਾ ਮਾਰਗਾਂ ’ਤੇ ਕਰੀਬ 120 ਲੰਗਰ ਲਗਾਏ ਜਾਣੇ ਹਨ। ਇਸ ਤੋਂ ਇਲਾਵਾ ਰਾਸ਼ਟਰੀ ਰਾਜਮਾਰਗ ਦੇ ਕਿਨਾਰੇ ਲਖਨਪੁਰ ਤੋਂ ਲੈ ਕੇ ਬਾਲਟਾਲ ਤੇ ਪਹਿਲਗਾਮ ਤੱਕ ਕਰੀਬ 50 ਲੰਗਰ ਲੱਗਣੇ ਹਨ। ਸ਼੍ਰਾਈਨ ਬੋਰਡ ਵੱਲੋਂ ਜਾਰੀ ਖਾਣਾ ਸੂਚੀ (ਫੂਡ ਮੈਨਿਊ) ਸਾਰੇ ਲੰਗਰ ਸੰਗਠਨਾਂ, ਫੂਡ ਸਟਾਲਾਂ, ਦੁਕਾਨਾਂ ਤੇ ਹੋਰ ਅਦਾਰਿਆਂ ਲਈ ਲਾਗੂ ਹੋਵੇਗੀ। ਗਾਂਦਰਬਲ ਤੇ ਅਨੰਤਨਾਗ ਦੇ ਜ਼ਿਲ੍ਹਾ ਮੈਜਿਸਟ੍ਰੇਟ ਯਕੀਨੀ ਬਣਾਉਣਗੇ ਕਿ ਇਜਾਜ਼ਤ ਵਾਲਾ ਖਾਣਾ ਹੀ ਸ਼ਰਧਾਲੂਆਂ ਨੂੰ ਮੁਹੱਈਆ ਕਰਾਇਆ ਜਾਵੇ। ਪਹਿਲਾਂ ਯਾਤਰਾ ਦੌਰਾਨ ਫੂਡ ਮੈਨਿਊ ਜਾਰੀ ਨਹੀਂ ਹੁੰਦਾ ਸੀ ਪਰ 10 ਸਾਲਾਂ ਤੋਂ ਸ਼੍ਰਾਈਨ ਬੋਰਡ ਫਰਾਈ ਤੇ ਜੰਕ ਫੂਡ ਨੂੰ ਨਾ ਪਰੋਸਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਰਿਹਾ ਹੈ। ਫੂਡ ਮੈਨਿਊ ਦੀ ਉਲੰਘਣਾ ਕਰਨ ’ਤੇ ਕਾਰਵਾਈ ਕੀਤੀ ਜਾਵੇਗੀ।
ਇਨ੍ਹਾਂ ਖਾਣਿਆਂ ’ਤੇ ਪੂਰਨ ਪਾਬੰਦੀ
ਕਿਸੇ ਵੀ ਤਰ੍ਹਾਂ ਦਾ ਮਾਸਾਹਾਰੀ ਖਾਣਾ, ਸ਼ਰਾਬ, ਤੰਬਾਕੂ, ਗੁਟਖਾ, ਪਾਨ ਮਸਾਲਾ, ਧੂੰਆਂਨੋਸ਼ੀ ਤੇ ਹੋਰ ਨਸ਼ੇ ਦੇ ਪਦਾਰਥ, ਪੂੜੀ ਭਟੂਰਾ, ਪਿੱਜ਼ਾ, ਬਰਗਰ, ਸਟਫਡ ਪਰਾਂਠਾ, ਡੋਸਾ, ਫ੍ਰਾਈਡ ਰੋਟੀ, ਮੱਖਣ ਦੇ ਨਾਲ ਬ੍ਰੈੱਡ, ਕ੍ਰੀਮ ਆਧਾਰਤ ਖਾਣਾ, ਅਚਾਰ, ਚਟਨੀ, ਫ੍ਰਾਈਡ ਪਾਪੜ ਤੇ ਹੋਰ ਤਰ੍ਹਾਂ ਦੇ ਫ੍ਰਾਈਡ ਤੇ ਫਾਸਟ ਫੂਡ ਉਤੇ ਪੂਰਨ ਪਾਬੰਦੀ ਲਗਾਈ ਹੈ।



