ਬਾਬੇ ਦੀ ‘ਕਰਾਮਾਤ’! ਸਿਰ ਉਤੇ ਰੱਖਿਆ ਹੱਥ, ਸੁੱਧ ਬੁੱਧ ਭੁੱਲ੍ਹੀ ਮਹਿਲਾ, ਆਪਣੇ ਗਹਿਣੇ ਉਤਾਰ ਕਰਤੇ ਬਾਬੇ ਹਵਾਲੇ, ਸੀਸੀਟੀਵੀ ‘ਚ ਕੈਦ 

Gurdaspur : ਇਕ ਬਜ਼ੁਰਗ ਔਰਤ ਦੇ ਸਿਰ ਉਤੇ ਹੱਥ ਰੱਖ ਬਾਬਾ ਕਰਾਮਾਤ ਵਿਖਾ ਗਿਆ। ਬਜ਼ੁਰਗ ਔਰਤ ਨੇ ਖੁਦ ਸੋਨੇ ਦੀਆਂ ਚੂੜੀਆਂ ਤੇ ਕੰਨਾਂ ਦੀਆਂ ਵਾਲੀਆਂ…

Gurdaspur : ਇਕ ਬਜ਼ੁਰਗ ਔਰਤ ਦੇ ਸਿਰ ਉਤੇ ਹੱਥ ਰੱਖ ਬਾਬਾ ਕਰਾਮਾਤ ਵਿਖਾ ਗਿਆ। ਬਜ਼ੁਰਗ ਔਰਤ ਨੇ ਖੁਦ ਸੋਨੇ ਦੀਆਂ ਚੂੜੀਆਂ ਤੇ ਕੰਨਾਂ ਦੀਆਂ ਵਾਲੀਆਂ ਉਤਾਰ ਕੇ ਬਜ਼ੁਰਗ ਬਾਬੇ ਨੂੰ ਸੌਂਪ ਦਿੱਤੀਆਂ। ਸ਼ਾਇਦ ਇਸ ਗੱਲ ਦਾ ਕਿਸੇ ਨੂੰ ਯਕੀਨ ਨਾ ਹੁੰਦਾ ਪਰ ਸੀਸੀਟੀਵੀ ਵਿਚ ਕੈਦ ਤਸਵੀਰਾਂ ਨੇ ਬਾਬੇ ਦੀ ਕਾਲੀ ਕਰਤੂਤ ਦਾ ਭੇਤ ਖੋਲ੍ਹ ਦਿੱਤਾ। ਔਰਤ ਅਨੁਸਾਰ ਸ਼ਾਇਦ ਬਜ਼ੁਰਗ ਨੌਸਰਬਾਜ਼ ਨੇ ਉਸ ਨੂੰ ਹਿਪਨੋਟਾਈਜ਼ ਕਰ ਦਿੱਤਾ ਸੀ, ਜਿਸ ਕਾਰਨ ਉਸ ਨੇ ਖੁਦ ਹੀ ਆਪਣੇ ਸਾਰੇ ਗਹਿਣੇ ਉਤਾਰ ਕੇ ਉਸ ਨੂੰ ਦੇ ਦਿੱਤੇ ਸੀ ਅਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਫਿਲਹਾਲ ਔਰਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਬਜ਼ੁਰਗ ਨੌਸਰਬਾਜ ਅਤੇ ਉਸ ਦੇ ਨਾਲ ਆਈ ਔਰਤ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਮੰਡੀ ‘ਚ ਟੱਕਰਿਆ ਬਾਬਾ
ਜਾਣਕਾਰੀ ਦਿੰਦਿਆਂ ਬਜ਼ੁਰਗ ਔਰਤ ਲਲਿਤਾ ਦੀ ਨੂੰਹ ਮੀਨੂ ਨੇ ਦੱਸਿਆ ਕਿ ਉਹ ਪੁਰਾਣੀ ਸਬਜ਼ੀ ਮੰਡੀ ਵਿਖੇ ਰਹਿੰਦੇ ਹਨ ਤੇ ਉਸ ਦੀ ਬਜ਼ੁਰਗ ਸੱਸ ਲਲਿਤਾ ਅੱਜ ਦੁਪਹਿਰ ਬਾਅਦ ਸਬਜ਼ੀ ਮੰਡੀ ਤੋਂ ਅੰਬ ਲੈਣ ਗਏ ਸਨ, ਜੋ ਉਨ੍ਹਾਂ ਵੱਲੋਂ ਅਚਾਰ ਪਾਉਣ ਲਈ ਕੱਟਣ ਲਈ ਕਿਸੇ ਵਿਅਕਤੀ ਨੂੰ ਦਿੱਤੇ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਛੇ ਸਾਲਾ ਪੋਤਰੀ ਵੀ ਸੀ। ਜਦੋਂ ਉਹ ਸਬਜ਼ੀ ਮੰਡੀ ਵਿਖੇ ਗਏ ਤਾਂ ਉਨ੍ਹਾਂ ਨੂੰ ਇੱਕ ਬਜ਼ੁਰਗ ਵਿਅਕਤੀ ਜਿਸ ਦੇ ਨਾਲ ਇੱਕ ਔਰਤ ਵੀ ਸੀ ਨੇ ਰੋਕ ਲਿਆ ਤੇ ਗੱਲਾਂ ਵਿੱਚ ਲਾ ਲਿਆ। ਗੱਲਾਂ ਵਿੱਚ ਲੈ ਕੇ ਬਜ਼ੁਰਗ ਨੌਸਰਬਾਜ਼ ਨੇ ਮਾਤਾ ਦੇ ਸਿਰ ਉਤੇ ਹੱਥ ਰੱਖਿਆ ਹੀ ਸੀ ਕਿ ਉਸ ਨੂੰ ਸੁਧ ਬੁਧ ਭੁੱਲ ਗਈ।
ਬਜ਼ੁਰਗ ਮਾਤਾ ਲਲਿਤਾ ਦੀ ਨੂੰਹ ਮੀਨੂ ਨੇ ਦੱਸਿਆ ਕਿ ਨੌਸਰਬਾਜ਼ ਵੱਲੋਂ ਉਸ ਨੂੰ ਇੱਕ ਬੈਂਕ ਦੀਆਂ ਪੌੜੀਆਂ ਉਤੇ ਬਿਠਾ ਦਿੱਤਾ ਗਿਆ ਤੇ ਗੱਲਾਂ ਕਰਦੇ ਕਰਦੇ ਉਸ ਕੋਲੋਂ ਸੋਨੇ ਦੀਆਂ ਚੂੜੀਆਂ ਅਤੇ ਕੰਨਾਂ ਵਿੱਚ ਪਈਆਂ ਵਾਲੀਆਂ ਉਤਰਵਾ ਲਈਆਂ ਤੇ ਆਪਣੇ ਪੱਟ ਉਤੇ ਰੱਖੇ ਇੱਕ ਕੱਪੜੇ ਦੀ ਪੋਟਲੀ ਵਿੱਚ ਪਾਉਣ ਲਈ ਕਿਹਾ। 


ਮਹਿਲਾ ਨੂੰ ਕੀਤਾ ਹਿਪਨੋਟਾਈਜ਼ !
ਬਜ਼ੁਰਗ ਔਰਤ ਲਲਿਤਾ ਦੀ ਨੂੰਹ ਮੀਨੂ ਅਨੁਸਾਰ ਸ਼ਾਇਦ ਉਸ ਦੀ ਸੱਸ ਲਲਿਤਾ ਨੂੰ ਨੌਸਰਬਾਜ਼ ਵੱਲੋਂ ਹਿਪਨੋਟਾਈਜ਼ ਕਰ ਦਿੱਤਾ ਗਿਆ ਸੀ, ਕਿਉਂਕਿ ਉਹ ਉਂਝ ਹੀ ਕਰਦੀ ਰਹੀ ਜਿਵੇਂ ਨੌਸਰਬਾਜ਼ ਕਹਿੰਦਾ ਰਿਹਾ ਤੇ ਕੁਝ ਦੇਰ ਗੱਲਾਂ ਕਰਕੇ ਨੋਸਰਬਾਜ ਅਤੇ ਉਸ ਦੇ ਨਾਲ ਆਈ ਔਰਤ ਉਥੋਂ ਨਿਕਲ ਗਏ।
ਜਦੋਂ ਬਜ਼ੁਰਗ ਮਾਤਾ ਹੋਸ਼ ਵਿੱਚ ਆਈ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੇ ਸੋਨੇ ਦੇ ਗਹਿਣੇ ਨੌਸਰਬਾਜ਼ ਲੈ ਕੇ ਜਾ ਚੁੱਕਿਆ ਹੈ। ਇਹ ਸਾਰੀ ਘਟਨਾ ਇੱਕ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਨੋਸਰਬਾਜ ਦੀ ਸ਼ਿਕਾਰ ਹੋਈ ਔਰਤ ਨੇ ਜਦੋਂ ਇਹ ਗੱਲ ਕਰ ਆ ਕੇ ਦੱਸੀ ਤਾਂ ‌ ਉਸਦੇ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਿੱਥੇ ਥਾਣਾ ਸਿਟੀ ਐਸਐਚਓ ਗੁਰਮੀਤ ਸਿੰਘ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਲਦੀ ਹੀ ਉਹ ਨੌਸਰਬਾਜ਼ ਨੂੰ ਕਾਬੂ ਕਰ ਲੈਣਗੇ।

Leave a Reply

Your email address will not be published. Required fields are marked *