ਹਾਦਸੇ ਕਾਰਨ ਧਰੇ ਧਰਾਏ ਰਹਿ ਗਏ ਕੈਨੇਡਾ ਜਾਣ ਦੇ ਪ੍ਰਬੰਧ, ਪੜ੍ਹਨ ਲਈ ਸੈਂਟਰ ਜਾ ਰਹੀ ਭੈਣ ਦੀ ਮੌ.ਤ, ਭਰਾ ਗੰਭੀਰ ਜ਼ਖਮੀ

ਮਲੋਟ-ਬਠਿੰਡਾ ਰੋਡ ’ਤੇ ਵਾਪਰੇ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ਚਲਾ ਰਿਹਾ ਭਰਾ ਗੰਭੀਰ ਜ਼ਖਮੀ ਹੋ ਗਿਆ ਜਦਕਿ ਪਿੱਛੇ ਬੈਠੀ ਭੈਣ ਦੀ ਮੌਤ ਹੋ ਗਈ। ਘਟਨਾ ਸ਼ਨਿਚਰਵਾਰ…

ਮਲੋਟ-ਬਠਿੰਡਾ ਰੋਡ ’ਤੇ ਵਾਪਰੇ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ਚਲਾ ਰਿਹਾ ਭਰਾ ਗੰਭੀਰ ਜ਼ਖਮੀ ਹੋ ਗਿਆ ਜਦਕਿ ਪਿੱਛੇ ਬੈਠੀ ਭੈਣ ਦੀ ਮੌਤ ਹੋ ਗਈ। ਘਟਨਾ ਸ਼ਨਿਚਰਵਾਰ ਸਵੇਰੇ ਵਾਪਰੀ। ਮ੍ਰਿਤਕਾ ਦੀ ਪਛਾਣ ਅਲੀਸ਼ਾ (22) ਪੁੱਤਰੀ ਬਲਵਿੰਦਰ ਸਿੰਘ ਵਾਸੀ ਵਾਰਡ ਨੰਬਰ 14, ਗਲੀ ਨੰਬਰ 3 ਮਲੋਟ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਸ਼ਮਿੰਦਰ ਸਿੰਘ ਸਿਵਲ ਹਸਪਤਾਲ ਮਲੋਟ ਵਿਖੇ ਦਾਖਲ ਹੈ। ਦੂਜੇ ਪਾਸੇ ਘਟਨਾ ਦੌਰਾਨ ਮਿੱਟੀ ਨਾਲ ਭਰਿਆ ਇੱਕ ਟਿੱਪਰ ਉੱਥੋਂ ਭੱਜਦਾ ਦੇਖਿਆ ਗਿਆ, ਜਿਸ ਨੂੰ ਦੇਖਦਿਆਂ ਪੁਲਿਸ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਹ ਹਾਦਸਾ ਉਸ ਨਾਲ ਟਕਰਾਉਣ ਕਾਰਨ ਵਾਪਰਿਆ ਹੈ। ਪੁਲਿਸ ਟਿੱਪਰ ਦੀ ਭਾਲ ਕਰ ਰਹੀ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਲੀਸ਼ਾ ਕੁਝ ਸਮੇਂ ਬਾਅਦ ਕੈਨੇਡਾ ਜਾਣ ਵਾਲੀ ਸੀ। ਵਾਰਡ ਨੰਬਰ 14 ਦੇ ਕੌਂਸਲਰ ਹਰਮੇਲ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੀ ਧੀ ਅਲੀਸ਼ਾ ਤੇ ਪੁੱਤਰ ਸ਼ਮਿੰਦਰ ਸਿੰਘ ਮਲੋਟ ਤੋਂ ਗਿੱਦੜਬਾਹਾ ਪੜ੍ਹਾਈ ਕਰਨ ਲਈ ਸੈਂਟਰ ਜਾ ਰਹੇ ਸਨ। ਜਦੋਂ ਉਹ ਮਲੋਟ-ਬਠਿੰਡਾ ਰੋਡ ’ਤੇ ਪਹੁੰਚੇ ਤਾਂ ਉਸ ਦੇ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।
ਹਾਦਸੇ ’ਚ ਧੀ ਅਲੀਸ਼ਾ ਦੀ ਮੌਕੇ ’ਤੇ ਹੀ ਮੌ.ਤ ਹੋ ਗਈ, ਜਦਕਿ ਪੁੱਤਰ ਸ਼ਮਿੰਦਰ ਗੰਭੀਰ ਜ਼ਖ਼ਮੀ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਨੇ ਦੱਸਿਆ ਕਿ ਅਲੀਸ਼ਾ ਨੇ ਕੈਨੇਡਾ ਜਾਣਾ ਸੀ। ਉਸ ਦੀ ਫਾਈਲ ਲੱਗੀ ਹੋਈ ਸੀ ਪਰ ਇਸ ਹਾਦਸੇ ਨੇ ਪਰਿਵਾਰ ਦੀਆਂ ਖੁਸ਼ੀਆਂ ਖੋਹ ਲਈਆਂ। ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਇੰਚਾਰਜ ਗੁਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੇ ਵਾਹਨ ਦੀ ਪਛਾਣ ਕੀਤੀ ਜਾ ਰਹੀ ਹੈ। ਜੋ ਟਿੱਪਰ ਡਰਾਈਵਰ ਮੌਕੇ ਤੋਂ ਭਜਾ ਕੇ ਲੈ ਗਿਆ ਸੀ, ਉਸ ਦੀ ਭਾਲ ਜਾਰੀ ਹੈ। ਉਨ੍ਹਾਂ ਸ਼ੱਕ ਜਤਾਇਆ ਹੈ ਕਿ ਹਾਦਸਾ ਉਸ ਦੀ ਟੱਕਰ ਕਾਰਨ ਵਾਪਰਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।

Leave a Reply

Your email address will not be published. Required fields are marked *