ਨਵੀਂ ਦਿੱਲੀ-ਬੀਤੇ ਕੁਝ ਦਿਨਾਂ ਤੋਂ ਮੌਸਮ ਨੇ ਦੇਸ਼ ਵਾਸੀਆਂ ਨੂੰ ਰਾਹਤ ਦਿੱਤੀ ਹੋਈ ਸੀ ਪਰ ਹੁਣ ਗਰਮੀ ਆਪਣੇ ਰੰਗ ਵਿਖਾਏਗੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 10 ਤੋਂ 20 ਦਿਨਾਂ ਤੱਕ ਗਰਮੀ ਵੱਧਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਆਈਐਮਡੀ ਨੇ ਆਪਣੇ ਨਵੇਂ ਅਪਡੇਟ ਵਿੱਚ ਕਿਹਾ ਕਿ ਗਰਮੀ ਦੀ ਲਹਿਰ ਦਾ ਸਭ ਤੋਂ ਬੁਰਾ ਪ੍ਰਭਾਵ ਗੁਜਰਾਤ, ਮੱਧ ਮਹਾਰਾਸ਼ਟਰ, ਉੱਤਰੀ ਕਰਨਾਟਕ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਹੋਵੇਗਾ। ਇਸ ਦੇ ਨਾਲ ਹੀ ਉਡੀਸ਼ਾ, ਛੱਤੀਸਗੜ੍ਹ ਅਤੇ ਆਂਧਰਾ ਦੇ ਉੱਤਰੀ ਹਿੱਸਿਆਂ ਵਿਚ ਵੀ ਗਰਮੀ ਦੀ ਲਹਿਰ ਆਪਣੇ ਸਿਖਰ ਉਤੇ ਪਹੁੰਚ ਸਕਦੀ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਪ੍ਰੈਲ ਵਿਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ, ਜਦਕਿ ਮੱਧ ਅਤੇ ਦੱਖਣੀ ਭਾਰਤ ‘ਚ ਇਸ ਦੀ ਜ਼ਿਆਦਾ ਸੰਭਾਵਨਾ ਹੈ। ਦੂਜੇ ਪਾਸੇ, ਅਪ੍ਰੈਲ ਵਿੱਚ ਪੱਛਮੀ ਹਿਮਾਲਿਆ ਖੇਤਰ ਅਤੇ ਉੱਤਰ-ਪੂਰਬੀ ਰਾਜਾਂ ਦੇ ਕੁਝ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਕਈ ਰਾਜਾਂ ਵਿੱਚ ਹੀਟ ਵੇਵ ਦੀ ਚਿਤਾਵਨੀ ਜਾਰੀ ਕੀਤੀ ਹੈ। 2 ਤੋਂ 4 ਅਪ੍ਰੈਲ ਦੌਰਾਨ ਮੱਧ ਪ੍ਰਦੇਸ਼, ਵਿਦਰਭ ਅਤੇ ਕਰਨਾਟਕ ਦੇ ਵੱਖ-ਵੱਖ ਇਲਾਕਿਆਂ ‘ਚ ਗਰਮੀ ਦੀ ਸੰਭਾਵਨਾ ਹੈ। ਰਾਇਲਸੀਮਾ ਵਿੱਚ 1 ਤੋਂ 4 ਅਪ੍ਰੈਲ ਅਤੇ ਤੇਲੰਗਾਨਾ ਵਿੱਚ 1 ਅਤੇ 2 ਅਪ੍ਰੈਲ ਨੂੰ ਵੀ ਇਸੇ ਤਰ੍ਹਾਂ ਦੇ ਹਾਲਾਤ ਦੀ ਭਵਿੱਖਬਾਣੀ ਕੀਤੀ ਗਈ ਹੈ। ਓਡੀਸ਼ਾ ਵਿੱਚ 2 ਤੋਂ 4 ਅਪ੍ਰੈਲ, ਮਹਾਰਾਸ਼ਟਰ ਵਿੱਚ 1 ਤੋਂ 3 ਅਪ੍ਰੈਲ ਅਤੇ ਮਰਾਠਵਾੜਾ ਵਿੱਚ 1 ਅਤੇ 2 ਅਪ੍ਰੈਲ ਨੂੰ ਗਰਮ ਰਾਤ ਦੇ ਹਾਲਾਤ ਰਹਿਣ ਦੀ ਸੰਭਾਵਨਾ ਹੈ।
ਇਨ੍ਹਾਂ ਇਲ਼ਾਕਿਆਂ ਵਿਚ ਮੀਂਹ ਦੀ ਸੰਭਾਵਨਾ
ਆਈਐਮਡੀ ਦੇ ਅਨੁਸਾਰ,ਪੰਜਾਬ ਸਮੇਤ ਕਈ ਹੋਰਨਾਂ ਸੂਬਿਆਂ ਵਿਚ ਅਗਲੇ ਕੁਝ ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪੰਜਾਬ ਵਿਚ ਵੀ ਗਰਮੀ ਆਪਣੇ ਰੰਗ ਵਿਖਾਏਗੀ। 1 ਤੋਂ 4 ਅਪ੍ਰੈਲ ਦੇ ਵਿਚਕਾਰ ਅਰੁਣਾਚਲ ਪ੍ਰਦੇਸ਼ ਵਿੱਚ ਵਿਆਪਕ ਬਾਰਿਸ਼ ਜਾਂ ਬਰਫਬਾਰੀ, ਤੂਫਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਸਿੱਕਮ ਵਿੱਚ ਵੀ 1 ਤੋਂ 4 ਅਪ੍ਰੈਲ ਦਰਮਿਆਨ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।
ਮੌਸਮ ਵਿਭਾਗ ਨੇ 3 ਤੋਂ 6 ਅਪ੍ਰੈਲ ਦੌਰਾਨ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵੱਖ-ਵੱਖ ਥਾਵਾਂ ‘ਤੇ ਮੀਂਹ ਜਾਂ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। 3 ਤੋਂ 5 ਅਪ੍ਰੈਲ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
